ਜੀਐਸਟੀ ਕੌਂਸਲ ਦੀ 56ਵੀਂ ਮੀਟਿੰਗ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਜੀਐਸਟੀ ਦੇ ਸਲੈਬ ਚਾਰ ਤੋਂ ਘਟਾਕੇ ਸਿਰਫ਼ ਦੋ ਕਰ ਦਿੱਤੇ ਗਏ ਹਨ। ਜੀਐਸਟੀ ਕੌਂਸਲ ਦੀ ਮੀਟਿੰਗ ਤੋਂ ਬਾਅਦ ਨਿਰਮਲਾ ਸੀਤਾਰਮਣ ਨੇ ਕਿਹਾ, “ਅਸੀਂ ਸਲੈਬ ਘਟਾ ਦਿੱਤੇ ਹਨ। ਹੁਣ ਸਿਰਫ਼ ਦੋ ਸਲੈਬ ਹੋਣਗੇ ਅਤੇ ਅਸੀਂ ਕਮਪਨਸੇਸ਼ਨ ਸੈੱਸ (Compensation Cess) ਦੇ ਮੁੱਦਿਆਂ ‘ਤੇ ਵੀ ਵਿਚਾਰ ਕਰ ਰਹੇ ਹਾਂ।”
ਹੁਣ ਜੀਐਸਟੀ ਦੇ ਕਿਹੜੇ ਸਲੈਬ?
ਹੁਣ ਜੀਐਸਟੀ ਦੇ ਸਿਰਫ਼ ਦੋ ਸਲੈਬ ਹੋਣਗੇ – 5 ਫੀਸਦੀ ਅਤੇ 18 ਫੀਸਦੀ, ਜਦਕਿ ਤੀਜਾ ਸਲੈਬ ਖ਼ਾਸ ਹੋਵੇਗਾ। ਉਨ੍ਹਾਂ ਕਿਹਾ ਕਿ 28 ਫੀਸਦੀ ਦਾ ਸਲੈਬ ਜੀਐਸਟੀ ਤੋਂ ਹਟਾ ਦਿੱਤਾ ਗਿਆ ਹੈ। ਨਵੀਆਂ ਜੀਐਸਟੀ ਦਰਾਂ 22 ਸਤੰਬਰ 2025 ਤੋਂ ਲਾਗੂ ਹੋਣਗੀਆਂ।
ਆਮ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਬਦਲਾਅ: ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, “ਇਹ ਸੁਧਾਰ ਆਮ ਆਦਮੀ ਨੂੰ ਧਿਆਨ ਵਿੱਚ ਰੱਖ ਕੇ ਕੀਤੇ ਗਏ ਹਨ। ਆਮ ਆਦਮੀ ਦੇ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ‘ਤੇ ਲੱਗਣ ਵਾਲੇ ਹਰ ਟੈਕਸ ਦੀ ਸਮੀਖਿਆ ਕੀਤੀ ਗਈ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਦਰਾਂ ਵਿੱਚ ਵੱਡੀ ਕਟੌਤੀ ਕੀਤੀ ਗਈ ਹੈ। ਕਿਸਾਨਾਂ ਅਤੇ ਖੇਤੀਬਾੜੀ ਖੇਤਰ ਦੇ ਨਾਲ-ਨਾਲ ਸਿਹਤ ਖੇਤਰ ਨੂੰ ਵੀ ਲਾਭ ਹੋਵੇਗਾ।”
ਕਿਹੜੀਆਂ ਚੀਜ਼ਾਂ ‘ਤੇ ਹੁਣ ਸਿਰਫ਼ 5 ਫੀਸਦੀ ਜੀਐਸਟੀ?
ਜਿਨ੍ਹਾਂ ਚੀਜ਼ਾਂ ‘ਤੇ ਜੀਐਸਟੀ ਘਟਾ ਕੇ 5 ਫੀਸਦੀ ਕਰ ਦਿੱਤੀ ਗਈ ਹੈ, ਉਹਨਾਂ ਵਿੱਚ ਵਾਲਾਂ ਦਾ ਤੇਲ, ਟਾਇਲਟ ਸੋਪ, ਸਾਬਣ ਦੀ ਟਿਕਕੀ, ਸ਼ੈਂਪੂ, ਟੂਥਬਰਸ਼, ਟੂਥਪੇਸਟ, ਸਾਈਕਲ, ਟੇਬਲਵੇਅਰ, ਕਿਚਨਵੇਅਰ, ਨਮਕੀਨ, ਭੁਜੀਆ, ਸਾਸ, ਪਾਸਤਾ, ਚਾਕਲੇਟ, ਕਾਫੀ ਅਤੇ ਹੋਰ ਘਰੇਲੂ ਸਮਾਨ ਸ਼ਾਮਲ ਹਨ।
ਕਿਹੜੀਆਂ ਚੀਜ਼ਾਂ ‘ਤੇ ਖਤਮ ਹੋਈ ਜੀਐਸਟੀ?
ਜਿਨ੍ਹਾਂ ਵਸਤਾਂ ‘ਤੇ ਜੀਐਸਟੀ 5 ਫੀਸਦੀ ਤੋਂ ਘਟਾ ਕੇ ਜ਼ੀਰੋ ਕਰ ਦਿੱਤੀ ਗਈ ਹੈ, ਉਹ ਹਨ ਅਲਟਰਾ-ਹਾਈ ਟੈਂਪਰੇਚਰ ਦੁੱਧ, ਛੇਨਾ ਅਤੇ ਪਨੀਰ। ਸਾਰੀਆਂ ਭਾਰਤੀ ਰੋਟੀਆਂ ‘ਤੇ ਜੀਐਸਟੀ ਹੁਣ ਸ਼ੂਨਿਆ ਹੋਵੇਗੀ। ਯਾਨੀ ਰੋਟੀ ਹੋਵੇ ਜਾਂ ਪਰਾਂਠਾ ਜਾਂ ਹੋਰ ਕੋਈ ਵੀ, ਉਹਨਾਂ ਸਭ ‘ਤੇ ਜੀਐਸਟੀ ਨਹੀਂ ਲੱਗੇਗਾ।
ਕਿਹੜੀਆਂ ਚੀਜ਼ਾਂ ਤੋਂ ਘਟੀ 28 ਫੀਸਦੀ ਜੀਐਸਟੀ?
ਏਅਰ ਕੰਡੀਸ਼ਨਰ (AC), 32 ਇੰਚ ਤੋਂ ਵੱਡੇ ਟੀਵੀ (ਹੁਣ ਸਭ ਟੀਵੀ ‘ਤੇ 18%), ਵਾਸ਼ਿੰਗ ਮਸ਼ੀਨਾਂ, ਛੋਟੀਆਂ ਕਾਰਾਂ, 350 ਸੀਸੀ ਤੱਕ ਜਾਂ ਇਸ ਤੋਂ ਘੱਟ ਵਾਲੀਆਂ ਮੋਟਰਸਾਈਕਲਾਂ। ਹੁਣ ਇਨ੍ਹਾਂ ‘ਤੇ 28 ਫੀਸਦੀ ਨਹੀਂ ਸਗੋਂ 18 ਫੀਸਦੀ ਜੀਐਸਟੀ ਲੱਗੇਗੀ।