ਨਵੀਂ ਦਿੱਲੀ: ਸ਼ਨੀਵਾਰ ਨੂੰ ਹੋਣ ਵਾਲੀ ਨੀਤੀ ਆਯੋਗ ਦੀ ਮੀਟਿੰਗ ਕੱਲ੍ਹ ਯਾਨੀ ਐਤਵਾਰ 'ਤੇ ਪਾ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅੱਜ ਈਦ ਕਾਰਨ ਪ੍ਰਧਾਨ ਮੰਤਰੀ ਮੋਦੀ ਨੇ ਬੈਠਕ ਨੂੰ ਐਤਵਾਰ 'ਤੇ ਮੁਲਤਵੀ ਕਰ ਦਿੱਤਾ। ਇਹ ਬੈਠਕ ਪੰਜਾਬ ਲਈ ਖਾਸ ਹੈ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਦੇ ਚੁੱਕਣ ਲਈ ਬੈਠਕ ਵਿੱਚ ਸ਼ਾਮਿਲ ਹੋਣ ਲਈ ਦਿੱਲੀ ਪਹੁੰਚ ਗਏ ਹਨ।

 

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੀਤੀ ਆਯੋਗ ਸਾਹਮਣੇ ਸੂਬੇ ਦੀਆਂ ਆਰਥਿਕ ਮੰਗਾਂ ਰੱਖਣਗੇ। ਨੀਤੀ ਆਯੋਗ ਦੀ ਮੀਟਿੰਗ ਵਿੱਚ ਪੰਜਾਬ ਦੇ ਸੰਭਾਵਿਤ ਮਸਲਿਆਂ ਵਿੱਚ ਕੇਂਦਰੀ ਸਕੀਮਾਂ 'ਚ ਕੇਂਦਰ ਦਾ ਹਿੱਸਾ ਵਧਾਉਣ ਦੀ ਮੰਗ ਪ੍ਰਮੁੱਖ ਹੋਵੇਗੀ। ਕਈ ਸਕੀਮਾਂ ਚ ਮੋਦੀ ਸਰਕਾਰ ਨੇ ਫੰਡ ਅੱਧੇ ਹੀ ਕਰ ਦਿੱਤੇ ਹਨ।

ਪੰਜਾਬ ਨੂੰ ਸਮੇਂ ਸਿਰ GST ਦੇਣ ਦੀ ਮੰਗ ਵੀ ਰੱਖੀ ਜਾਵੇਗੀ, ਹੁਣ ਸੂਬੇ ਦੇ ਹਿੱਸੇ ਵਾਲੇ ਜੀਐਸਟੀ ਦੇ ਪੈਸੇ 2-2 ਮਹੀਨੇ ਦੇਰੀ ਨਾਲ ਆ ਰਹੇ ਹਨ। ਇਸ ਮਹੀਨੇ ਵੀ ਨਹੀਂ ਆਇਆ, ਜਿਸ ਕਰਕੇ ਪੰਜਾਬ ਸਰਕਾਰ ਦੀਆਂ ਦੇਣਦਾਰੀਆਂ ਵੀ ਰੁਕੀਆਂ ਹੋਈਆਂ ਹਨ।

ਕੇਂਦਰ ਦੀ ਸਿਹਤ ਬੀਮਾ ਸਕੀਮ ਨੂੰ ਪੰਜਾਬ ਲਾਗੂ ਨਹੀਂ ਕਰ ਰਿਹਾ। ਕੇਂਦਰ ਸਿਰਫ 65% ਹਿੱਸਾ ਰਾਸ਼ੀ ਨਿਸ਼ਚਿਤ ਕਰਕੇ ਦੇ ਰਹੀ ਹੈ। ਕੈਪਟਨ ਸਰਕਾਰ ਦਾ ਕਹਿਣਾ ਹੈ ਰਾਸ਼ੀ ਵਾਲੀ ਸ਼ਰਤ ਹਟਾਈ ਜਾਵੇ, ਜਿੰਨਾ ਖਰਚ ਹੁੰਦਾ ਉਸ ਦਾ 65% ਦੇਵੇ। ਕੈਪਟਨ ਅਮਰਿੰਦਰ ਸਿੰਘ ਸਵਾਮੀਨਾਥਨ ਕਮਿਸ਼ਨ ਲਾਗੂ ਕਰਨ ਤੇ ਕਿਸਾਨਾਂ ਆਮਦਨ ਦੁੱਗਣੀ ਕਰਨ ਦਾ ਮਸਲਾ ਵੀ ਉਠਾਉਣਗੇ।