ਚੋਣ ਰੁੱਤੇ ਲੀਡਰਾਂ ਦੀਆਂ ਬਾਬਿਆਂ ਵੱਲ ਵਹੀਰਾਂ, ਗਡਕਰੀ ਪੁੱਜੇ ਡੇਰਾ ਬਿਆਸ
ਏਬੀਪੀ ਸਾਂਝਾ | 17 Mar 2019 12:22 PM (IST)
ਅੰਮ੍ਰਿਤਸਰ: ਲੋਕ ਸਭਾ ਚੋਣਾਂ 2019 ਦੇ ਐਲਾਨ ਮਗਰੋਂ ਸਿਆਸੀ ਲੀਡਰਾਂ ਦੀਆਂ ਡੇਰਿਆਂ ਤਕ ਸਰਗਰਮੀਆਂ ਵਿੱਚ ਵਾਧਾ ਹੋ ਗਿਆ ਹੈ। ਬੀਤੇ ਦਿਨੀਂ ਜਿੱਥੇ ਸੁਖਬੀਰ ਬਾਦਲ ਨੇ ਲੁਧਿਆਣਾ ਦੇ ਸੰਤ ਰਾਮਪਾਲ ਸਿੰਘ ਨੂੰ ਅਕਾਲੀ ਦਲ ਵਿੱਚ ਸ਼ਾਮਲ ਕੀਤਾ, ਉੱਥੇ ਹੀ ਉਨ੍ਹਾਂ ਦੇ ਸਿਆਸੀ ਭਾਈਵਾਲ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਡੇਰਾ ਬਿਆਸ ਦੇ ਮੁਖੀ ਨਾਲ ਬੰਦ ਕਮਰਾ ਮੁਲਾਕਾਤ ਕੀਤੀ। ਡੇਰਾ ਬਿਆਸ ਵੱਡਾ ਵੋਟ ਬੈਂਕ ਰੱਖਦਾ ਹੈ ਤੇ ਚੋਣਾਂ ਤੋਂ ਪਹਿਲਾਂ ਨਿਤਿਨ ਗਡਕਰੀ ਤੇ ਭਾਜਪਾ ਦੇ ਜਨਰਲ ਸਕੱਤਰ ਕੈਲਾਸ਼ ਵਿਜੈਵਰਗੀਆ ਨੇ ਬਿਆਸ ਸਥਿਤ ਰਾਧਾ ਸੁਆਮੀ ਡੇਰੇ ਦੇ ਹੈੱਡਕੁਆਟਰ ਪਹੁੰਚੇ। ਗਡਕਰੀ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਤਕਰੀਬਨ ਦੋ ਘੰਟੇ ਕਮਰਾ ਬੰਦ ਮੁਲਾਕਾਤ ਕੀਤੀ। ਜ਼ਰੂਰ ਪੜ੍ਹੋ- ਡੇਰਾ ਸਿਰਸਾ ਦੀ ਵੋਟ ਲਈ ਝਾਕ ਰੱਖਣ ਵਾਲਿਆਂ ਨੂੰ ਸ੍ਰੀ ਅਕਾਲ ਤਖ਼ਤ ਤੋਂ ਘੂਰੀ ਗਡਕਰੀ ਸ਼ਨੀਵਾਰ ਦੁਪਹਿਰ ਤੋਂ ਪਹਿਲਾਂ ਆਪਣੇ ਵਿਸ਼ੇਸ਼ ਹੈਲੀਕਾਪਟਰ ਰਾਹੀਂ ਸਿੱਧਾ ਡੇਰੇ ਵਿੱਚ ਹੀ ਉੱਤਰੇ ਸਨ। ਉਨ੍ਹਾਂ ਮੁਲਾਕਾਤ ਹੋਣ ਮਗਰੋਂ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਵੀ ਦਿੱਤੀ, ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੈਠਕ ਸਫਲ ਰਹੀ ਹੋਵੇਗੀ। ਗਡਕਰੀ ਨੇ ਲਿਖਿਆ ਸੀ ਕਿ ਉਹ ਆਸ਼ੀਰਵਾਦ ਲੈਣ ਲਈ ਇੱਥੇ ਪਹੁੰਚੇ ਸਨ। ਜ਼ਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਿੱਚ ਲੋਕ ਸਭਾ ਚੋਣਾਂ ਲੜਦੀ ਹੈ ਤੇ ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਸੀਟਾਂ ਉਸ ਦੇ ਹਿੱਸੇ ਆਉਂਦੀਆਂ ਹਨ। ਬਿਆਸ ਦੇ ਨੇੜੇ ਹੋਣ ਕਾਰਨ ਤਿੰਨਾਂ ਸੀਟਾਂ 'ਤੇ ਡੇਰੇ ਦੇ ਪੈਰੋਕਾਰ ਵੀ ਵੱਡੀ ਗਿਣਤੀ ਵਿੱਚ ਹਨ, ਜੋ ਚੋਣਾਂ ਦਾ ਰੁਖ਼ ਮੋੜਨ ਦੀ ਤਾਕਤ ਰੱਖਦੇ ਹਨ।