ਕ੍ਰਾਇਸਟਚਰਚ: ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਵਿੱਚ ਸ਼ੁੱਕਰਵਾਰ ਨੂੰ ਮਸਜਿਦਾਂ 'ਚ ਕੀਤੀ ਗੋਲ਼ੀਬਾਰੀ ਵਿੱਚ ਸੱਤ ਭਾਰਤੀ ਨਾਗਰਿਕ ਵੀ ਮਾਰੇ ਗਏ ਹਨ। ਹਮਲੇ ਮਗਰੋਂ ਨੌਂ ਭਾਰਤੀ ਨਾਗਰਿਕ ਲਾਪਤਾ ਸਨ, ਜਿਨ੍ਹਾਂ ਵਿੱਚੋਂ ਸੱਤ ਦੀ ਮੌਤ ਹੋਣ ਦੀ ਪੁਸ਼ਟੀ ਹੋ ਗਈ ਹੈ।


ਮ੍ਰਿਤਕਾਂ ਦੀ ਪਛਾਣ ਹੈਦਰਾਬਾਦ ਦੇ ਰਹਿਣ ਵਾਲੇ ਫਰਹਾਜ ਹਸਨ, ਕਰੀਮ ਨਗਰ ਦੇ ਇਮਰਾਨ ਅਹਿਮਦ ਖ਼ਾਨ ਵਜੋਂ ਹੋਈ, ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਨ੍ਹਾਂ ਤੋਂ ਇਲਾਵਾ ਕੇਰਲਾ ਨਾਲ ਸਬੰਧਤ ਵਿਦਿਆਰਥਣ ਐਂਸੀ ਅਲੀ, ਗੁਜਰਾਤ ਦੇ ਨਵਸਾਰੀ ਦੇ ਜੁਰੈਦ ਯੂਸੁਫ ਕਾਰਾ ਅਤੇ ਭਰੂਚ ਦੇ ਮੂਸਾਵਲੀ ਦੇ ਸੁਲੇਮਾਨ ਪਟੇਲ ਦੀ ਵੀ ਮੌਤ ਹੋ ਗਈ ਹੈ। ਹਮਲੇ ਮਗਰੋਂ ਬਾਕੀ ਦੋ ਭਾਰਤੀਆਂ ਦੀ ਸਥਿਤੀ ਹਾਲੇ ਸਪੱਸ਼ਟ ਨਹੀਂ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਦੋ ਭਾਰਤੀਆਂ ਦਾ ਹਾਲੇ ਇਲਾਜ ਜਾਰੀ ਹੈ। ਇਸ ਤੋਂ ਪਹਿਲਾਂ ਪੰਜ ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ, ਪਰ ਹੁਣ ਇਹ ਗਿਣਤੀ ਵੱਧ ਕੇ ਸੱਤ ਹੋ ਗਈ ਹੈ, ਦੋ ਮ੍ਰਿਤਕਾਂ ਦੇ ਵੇਰਵੇ ਹਾਲੇ ਆਉਣੇ ਬਾਕੀ ਹਨ।


ਕੇਂਦਰੀ ਕ੍ਰਾਈਸਟਚਰਚ ਦੀ ਅਲ ਨੂਰ ਤੇ ਲਿਨਵੁੱਡ ਮਸਜਿਦ ਉੱਤੇ ਹਮਲਾ ਕਰਕੇ 49 ਲੋਕਾਂ ਦੀ ਜਾਨ ਲੈਣ ਵਾਲੇ ਸੱਜੇ ਪੱਖੀ ਕੱਟੜਵਾਦੀ ਬੰਦੂਕਧਾਰੀ ਬਰੈਂਟਨ ਟੈਰੰਟ (28) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਉਸ ਉਤੇ ਕਤਲ ਦੇ ਦੋਸ਼ ਆਇਦ ਕੀਤੇ ਗਏ। ਜੱਜ ਵੱਲੋਂ ਉਸ ਖ਼ਿਲਾਫ਼ ਜਦ ਕਤਲ ਦਾ ਇਲਜ਼ਾਮ ਪੜ੍ਹਿਆ ਜਾ ਰਿਹਾ ਸੀ ਤਾਂ ਉਸ ਦੇ ਚਿਹਰੇ ’ਤੇ ਪਛਤਾਵੇ ਦਾ ਕੋਈ ਨਾਮੋ-ਨਿਸ਼ਾਨ ਨਜ਼ਰ ਨਹੀਂ ਸੀ ਆ ਰਿਹਾ ਤੇ ਉਹ ਸ਼ਾਂਤ ਚਿੱਤ ਹੀ ਬੈਠਾ ਰਿਹਾ। ਉਸ ਨੇ ਜ਼ਮਾਨਤ ਨਹੀਂ ਮੰਗੀ ਤੇ ਪੁਲੀਸ ਨੇ 5 ਅਪਰੈਲ ਨੂੰ ਅਗਲੀ ਸੁਣਵਾਈ ਤੱਕ ਉਸ ਨੂੰ ਹਿਰਾਸਤ ਵਿਚ ਲੈ ਲਿਆ। ਹਮਲੇ ’ਚ ਜ਼ਖ਼ਮੀ 42 ਲੋਕ ਅਜੇ ਵੀ ਹਸਪਤਾਲ ’ਚ ਜ਼ੇਰੇ ਇਲਾਜ ਹਨ।

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਕਿਹਾ ਹੈ ਕਿ ਦੇਸ਼ ਵਿਚ ਬੰਦੂਕ ਲਾਇਸੈਂਸ ਕਾਨੂੰਨ ਨੂੰ ਸਖ਼ਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕ੍ਰਾਈਸਟਚਰਚ ਦੀਆਂ ਮਸਜਿਦਾਂ ’ਤੇ ਹਮਲਾ ਕਰਨ ਵਾਲੇ ਨੇ ਕਾਨੂੰਨੀ ਤੌਰ ’ਤੇ ਪੰਜ ਹਥਿਆਰ ਖਰੀਦੇ ਸਨ, ਜਿਸ ਵਿਚ ਦੋ ਸੈਮੀ-ਆਟੋਮੈਟਿਕ ਰਾਈਫਲਾਂ ਵੀ ਸਨ।