ਗਗਨਦੀਪ ਸ਼ਰਮਾ
ਅੰਮ੍ਰਿਤਸਰ: ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਅੱਜ ਅੰਮ੍ਰਿਤਸਰ ਪੁੱਜੇ ਤੇ ਉਨ੍ਹਾਂ ਨੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਵਿਭਾਗਾਂ ਨਾਲ ਸਬੰਧਤ ਕੰਮਾਂ ਦਾ ਜ਼ਿਕਰ ਕੀਤਾ। ਆਪਣੇ ਵਿਭਾਗਾਂ ਦੇ ਸੋਹਲੇ ਗਾ ਕੇ ਗਡਕਰੀ ਚੱਲਦੇ ਬਣੇ। ਉਨ੍ਹਾਂ ਦੇ ਪੱਤਰਕਾਰ ਸੰਮੇਲਨ ਦੇ ਵਿੱਚ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਮੌਜੂਦ ਸਨ, ਪਰ ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ। ਹੋਰ ਤਾਂ ਹੋਰ ਭਾਜਪਾ ਦੇ ਚੋਟੀ ਦੇ ਆਗੂਆਂ 'ਚੋ ਇੱਕ ਗਡਕਰੀ ਨੇ ਹਰਦੀਪ ਪੁਰੀ ਦਾ ਇੱਕ ਵਾਰ ਨਾਂ ਤਕ ਵੀ ਨਹੀਂ ਲਿਆ।
ਨਿਤਿਨ ਗਡਕਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪੰਜ ਸਾਲਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਵਿਭਾਗ ਨੇ ਇਤਿਹਾਸਕ ਕੰਮ ਕੀਤੇ ਜਿਨ੍ਹਾਂ ਵਿੱਚ ਹੁਣ ਕਟੜਾ ਤੋਂ ਦਿੱਲੀ ਤਕ ਐਕਸਪ੍ਰੈੱਸ ਵੇਅ ਵਾਇਆ ਅੰਮ੍ਰਿਤਸਰ ਬਣਾਇਆ ਜਾ ਰਿਹਾ ਹੈ, ਇਸ ਦੀ ਲਾਗਤ 47,000 ਕਰੋੜ ਰੁਪਏ ਦੇ ਕਰੀਬ ਹੈ, ਜਿਸ ਨਾਲ ਦਿੱਲੀ ਤੋਂ ਅੰਮ੍ਰਿਤਸਰ ਦੀ ਦੂਰੀ ਸਿਰਫ਼ ਚਾਰ ਘੰਟੇ ਦੀ ਰਹਿ ਜਾਏਗੀ।
ਗਡਕਰੀ ਨੇ ਸਾਫ਼ ਪੀਣ ਵਾਲਾ ਪਾਣੀ ਗੰਗਾ ਦੀ ਸਫਾਈ, ਮੁੰਬਈ ਦਾ ਸ਼ਾਨਦਾਰ ਏਅਰਪੋਰਟ ਆਦਿ ਦਾ ਜ਼ਿਕਰ ਕਰਦੇ ਹੋਏ ਆਖਿਆ ਕਿ ਨਰੇਂਦਰ ਮੋਦੀ ਦੀ ਸਰਕਾਰ ਨੇ ਪੰਜ ਸਾਲਾਂ ਵਿੱਚ ਅਜਿਹੇ ਕੰਮ ਕਰਕੇ ਵਿਖਾ ਦਿੱਤੇ ਜੋ ਪਿਛਲੇ ਪੰਜਾਹ ਸਾਲਾਂ ਦੇ ਵਿੱਚ ਨਹੀਂ ਹੋਏ। ਉਨ੍ਹਾਂ ਨੇ ਰਾਹੁਲ ਗਾਂਧੀ ਵੱਲੋਂ ਅਦਾਲਤ ਵਿੱਚ ਮੁਆਫ਼ੀ ਮੰਗੇ ਜਾਣ ਤੇ ਕਿਹਾ ਰਾਹੁਲ ਗਾਂਧੀ ਨੇ ਅਜਿਹਾ ਕਰਕੇ ਚੰਗਾ ਕੰਮ ਕੀਤਾ ਹੈ। ਉਨ੍ਹਾਂ ਵੱਲੋਂ ਜਿਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਉਹ ਨਹੀਂ ਸੀ ਕਰਨਾ ਚਾਹੀਦਾ।
ਇਸ ਦੇ ਨਾਲ ਹੀ ਗੁਆਂਢੀ ਮੁਲਕ ਪਾਕਿਸਤਾਨ ਨੂੰ ਚੇਤਾਵਨੀ ਦਿੰਦਿਆਂ ਗਡਕਰੀ ਨੇ ਆਖਿਆ ਕਿ ਜੇਕਰ ਪਾਕਿਸਤਾਨ ਆਪਣੀਆਂ ਆਦਤਾਂ ਤੋਂ ਬਾਜ਼ ਨਾ ਆਇਆ ਤਾਂ ਭਾਰਤ ਵੱਲੋਂ ਪਾਕਿਸਤਾਨ ਨੂੰ ਇੱਕ ਸੰਧੀ ਦੇ ਤਹਿਤ ਦਿੱਤਾ ਜਾਣ ਵਾਲਾ ਪਾਣੀ ਭਵਿੱਖ ਵਿੱਚ ਨਹੀਂ ਦਿੱਤਾ ਜਾਵੇਗਾ। ਗਡਕਰੀ ਨੇ ਭਾਰਤੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਅਤੇ ਪਾਕਿਸਤਾਨ ਦੇ ਉਸ ਵੇਲੇ ਦੇ ਸ਼ਾਸ਼ਕ ਜਨਰਲ ਅਯੂਬ ਖਾਨ ਦਰਮਿਆਨ ਹੋਏ ਸਮਝੌਤੇ ਦਾ ਹਵਾਲਾ ਵੀ ਦਿੱਤਾ ਤੇ ਕਿਹਾ ਕਿ ਭਾਰਤ ਆਪਣੀ ਗੱਲ 'ਤੇ ਕਾਇਮ ਹੈ ਅਤੇ ਇਸੇ ਕਰਕੇ ਤਿੰਨ ਨਦੀਆਂ ਦਾ ਪਾਣੀ ਪਾਕਿਸਤਾਨ ਨੂੰ ਦਿੱਤਾ ਜਾ ਰਿਹਾ ਹੈ।
ਗਡਕਰੀ-ਪੁਰੀ ਦੀ ਕੋਈ ਲਾਗ-ਡਾਟ..? ਅੰਮ੍ਰਿਤਸਰ 'ਚ ਪ੍ਰਚਾਰ ਕਰਨ ਦੀ ਬਜਾਏ ਆਪਣੇ ਮਾਅਰਕੇ ਗਿਣਾ ਚੱਲਦੇ ਬਣੇ
ਏਬੀਪੀ ਸਾਂਝਾ
Updated at:
08 May 2019 04:42 PM (IST)
ਅੰਮ੍ਰਿਤਸਰ ਤੋਂ ਭਾਜਪਾ ਦੇ ਉਮੀਦਵਾਰ ਹਰਦੀਪ ਪੁਰੀ ਨੇ ਸਮਾਗਮ ਤੋਂ ਦੂਰੀ ਬਣਾਈ ਰੱਖੀ। ਹੋਰ ਤਾਂ ਹੋਰ ਭਾਜਪਾ ਦੇ ਚੋਟੀ ਦੇ ਆਗੂਆਂ 'ਚੋ ਇੱਕ ਗਡਕਰੀ ਨੇ ਹਰਦੀਪ ਪੁਰੀ ਦਾ ਇੱਕ ਵਾਰ ਨਾਂ ਤਕ ਵੀ ਨਹੀਂ ਲਿਆ।
- - - - - - - - - Advertisement - - - - - - - - -