ਨਾਗਪੁਰ: ਦੇਸ਼ ਵਿੱਚ ਬੰਦਿਆਂ ਦੇ ਪਿਸ਼ਾਬ ਤੋਂ ਯੂਰੀਆ ਦਾ ਨਿਰਮਾਣ ਕੀਤਾ ਜਾਣਾ ਚਾਹੀਦਾ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਸਾਨੂੰ ਰੇਹ ਦੀ ਦਰਾਮਦ ਕਰਨ ਦੀ ਲੋੜ ਨਹੀਂ ਪੈਣੀ। ਇਹ ਇੱਛਾ ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਪ੍ਰਗਟਾਈ ਹੈ।

ਗਡਕਰੀ ਨੇ ਕਿਹਾ ਹੈ ਕਿ ਉਨ੍ਹਾਂ ਹਵਾਈ ਅੱਡਿਆਂ 'ਤੇ ਮਨੁੱਖੀ ਪਿਸ਼ਾਬ ਇਕੱਠਾ ਕਰਨ ਲਈ ਕਿਹਾ ਹੈ। ਅਸੀਂ ਯੂਰੀਆ ਦੀ ਦਰਾਮਦ ਕਰਦੇ ਹਾਂ, ਜੇਕਰ ਅਸੀਂ ਪੂਰੇ ਦੇਸ਼ ਵਿੱਚੋਂ ਪਿਸ਼ਾਬ ਇਕੱਠਾ ਕਰਨਾ ਸ਼ੁਰੂ ਕਰ ਦਿਆਂਗੇ ਤਾਂ ਸਾਨੂੰ ਬਾਹਰੋਂ ਯੂਰੀਆ ਮੰਗਵਾਉਣ ਦੀ ਲੋੜ ਨਹੀਂ ਪੈਣੀ। ਇਸ ਵਿੱਚ ਇੰਨੀ ਸਮਰੱਥਾ ਹੈ ਕਿ ਕੁਝ ਵੀ ਬਰਬਾਦ ਨਹੀਂ ਹੋਵੇਗਾ।

ਮੰਤਰੀ ਨੇ ਕਿਹਾ ਕਿ ਮਨੁੱਖੀ ਪਿਸ਼ਾਬ ਜੈਵਿਕ ਬਾਲਣ ਬਣਾਉਣ ਵਿੱਚ ਵੀ ਸਹਾਈ ਹੋ ਸਕਦਾ ਹੈ। ਇਸ ਦੀ ਵਰਤੋਂ ਅਮੋਨੀਅਮ ਸਲਫੇਟ ਤੇ ਨਾਈਟ੍ਰੋਜਨ ਪ੍ਰਾਪਤ ਕਰਨ ਵਿੱਚ ਕੀਤਾ ਜਾ ਸਕਦਾ ਹੈ। ਗਡਕਰੀ ਨੇ ਕਿਹਾ ਕਿ ਬਾਕੀ ਲੋਕ ਉਨ੍ਹਾਂ ਦੇ ਇਸ ਸੁਝਾਅ ਨਾਲ ਸਹਿਮਤ ਨਹੀਂ ਹੁੰਦੇ ਤੇ ਨਾ ਸਹਿਯੋਗ ਦਿੰਦੇ ਹਨ, ਪਰ ਇਹ ਹੈ ਬਹੁਤ ਵਧੀਆ।

ਕੁਝ ਸਾਲ ਪਹਿਲਾਂ ਗਡਕਰੀ ਨੇ ਕਿਹਾ ਸੀ ਕਿ ਉਹ ਖ਼ੁਦ ਆਪਣਾ ਪੇਸ਼ਾਬ ਇਕੱਠਾ ਕਰਦੇ ਹਨ ਤੇ ਇਸ ਨੂੰ ਦਿੱਲੀ ਵਿੱਚ ਆਪਣੀ ਰਿਹਾਇਸ਼ 'ਚ ਬਣਾਏ ਬਗ਼ੀਚੇ ਵਿੱਚ ਖਾਦ ਵਜੋਂ ਵਰਤਦੇ ਹਨ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਮਨੁੱਖੀ ਵਾਲਾਂ ਤੋਂ ਤਿਆਰ ਖਾਦ ਵਰਤਣ ਨਾਲ ਉਤਪਾਦਨ 25% ਤਕ ਵਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਤਿਰੂਪਤੀ ਤੋਂ ਹਰ ਮਹੀਨੇ ਪੰਜ ਟਰੱਕ ਵਾਲ ਖਰੀਦਦੇ ਹਨ ਤੇ ਖਾਦ ਤਿਆਰ ਕਰਦੇ ਹਨ।