ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਜੇਡੀਯੂ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੌਰਾਨ ਵੱਡਾ ਬਿਆਨ ਦਿੰਦਿਆਂ ਕਿਹਾ ਕਿ 'ਮੈਂ ਮੁੱਖ ਮੰਤਰੀ ਨਹੀਂ ਰਹਿਣਾ।' ਐਨਡੀਏ ਗਠਜੋੜ ਜਿਸ ਨੂੰ ਵੀ ਚਾਹੇ ਮੁੱਖ ਮੰਤਰੀ ਬਣਾ ਦੇਵੇ। ਭਾਵੇਂ ਬੀਜੇਪੀ ਦਾ ਮੁੱਖ ਮੰਤਰੀ ਹੋਵੇ ਮੈਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਉਨ੍ਹਾਂ ਇਹ ਕਹਿੰਦਿਆਂ ਬਿਹਾਰ ਦੀ ਸਿਆਸਤ 'ਚ ਨਵੀਂ ਚਰਚਾ ਛੇੜ ਦਿੱਤੀ ਕਿ ਮੈਨੂੰ ਕਿਸੇ ਅਹੁਦੇ ਦਾ ਮੋਹ ਨਹੀਂ ਹੈ।


ਨਿਤਿਸ਼ ਕੁਮਾਰ ਜੇਡੀਯੂ ਦੇ ਕੌਮੀ ਪ੍ਰਧਾਨ ਦੀ ਚੋਣ ਤੋਂ ਬਾਅਦ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਮੈਨੂੰ ਅਹੁਦੇ ਦੀ ਇੱਛਾ ਨਹੀਂ। ਚੋਣ ਨਤੀਜੇ ਆਉਣ ਮਗਰੋਂ ਮੈਂ ਆਪਣੀ ਖੁਹਾਇਸ਼ ਗਠਜੋੜ ਸਾਹਮਣੇ ਜ਼ਾਹਿਰ ਕੀਤੀ ਸੀ। ਪਰ ਦਬਾਅ ਏਨਾ ਸੀ ਕਿ ਮੈਨੂੰ ਫਿਰ ਤੋਂ ਕੰਮ ਸਾਂਭਣਾ ਪਿਆ। ਨਿਤਿਸ਼ ਨੇ ਕਿਹਾ ਅਸੀਂ ਸਵਾਰਥ ਲਈ ਕੰਮ ਨਹੀਂ ਕਰਦੇ। ਅੱਜ ਤਕ ਮੈਂ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ।


ਕੌਮੀ ਪ੍ਰਧਾਨ ਦੇ ਅਹੁਦੇ ਤੋਂ ਖੁਦ ਨੂੰ ਮੁਕਤ ਕੀਤੇ ਜਾਣ ਦੀ ਗੱਲ ਤੇ ਉਨ੍ਹਾਂ ਕਿਹਾ 'ਪਾਰਟੀ ਛੱਡੀ ਨਹੀਂ। ਦਿਨ-ਰਾਤ ਪਾਰਟੀ ਦੇ ਕੰਮ 'ਚ ਲੱਗੇ ਰਹਿੰਦੇ ਹਾਂ। ਵਿਅਸਤ ਹੋਣ ਕਾਰਨ ਪਾਰਟੀ ਪ੍ਰਧਾਨ ਦਾ ਕੰਮ ਠੀਕ ਤਰ੍ਹਾਂ ਨਹੀਂ ਦੇਖ ਪਾ ਰਿਹਾ ਸੀ।' ਉਨ੍ਹਾਂ ਕਿਹਾ ਮੇਰੀ ਇੱਛਾ ਹੈ ਕਿ ਪਾਰਟੀ ਦੇ ਸੰਗਠਨ ਦਾ ਵਿਸਥਾਰ ਹੋਣਾ ਚਾਹੀਦਾ ਹੈ। ਇਸ ਲਈ ਲੋਕ ਦੂਜੇ ਸੂਬਿਆਂ 'ਚ ਸਮਾਂ ਦੇਣ। ਇਸ ਦਿਸ਼ਾ 'ਚ ਕਾਫੀ ਅਹਿਮ ਕੰਮ ਹੋਣਾ ਚਾਹੀਦਾ ਹੈ। ਮੈਂ ਜਾਣਬੁੱਝ ਕੇ ਇਹ ਕੀਤਾ ਹੈ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਸਮਾਂ ਲੋਕਾਂ ਨੂੰ ਦੇ ਸਕੀਏ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ