Lok Sabha Election: ਐਨਡੀਏ ਦੀ ਭਾਈਵਾਲ ਨਿਤਿਸ਼ ਕੁਮਾਰ ਦੀ ਪਾਰਟੀ ਜੇਡੀਯੂ ਨੇ ਮੋਦੀ ਨੂੰ ਝਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ। ਜੇਡੀਯੂ ਨੇ ਸਰਕਾਰ ਬਣਨ ਤੋਂ ਪਹਿਲਾਂ ਦੋ ਵੱਡੀਆਂ ਮੰਗਾਂ ਰੱਖ ਦਿੱਤੀਆਂ ਹਨ। ਇਨ੍ਹਾਂ ਨੂੰ ਲੈ ਕੇ ਪੇਚ ਫਸ ਸਕਦਾ ਹੈ ਕਿਉਂਕਿ ਇਹ ਦੋਵਾਂ ਮੰਗਾਂ ਮੰਨਣੀਆਂ ਮੋਦੀ ਸਰਕਾਰ ਲਈ ਸੌਖਾ ਨਹੀਂ ਹੋਏਗਾ। ਇਹ ਦੋ ਮੰਗਾਂ ਅਗਨੀਵੀਰ ਤੇ ਯੂਸੀਸੀ ਨਾਲ ਜੁੜੀਆਂ ਹਨ। 



ਦਰਅਸਲ ਮੋਦੀ ਸਰਕਾਰ ਦਾ ਤੀਜਾ ਕਾਰਜਕਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਹਿਯੋਗੀ ਪਾਰਟੀਆਂ ਨੇ ਦਬਾਅ ਦੀ ਰਾਜਨੀਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਿੰਗ ਮੇਕਰ ਦੀ ਭੂਮਿਕਾ 'ਚ ਨਜ਼ਰ ਆ ਰਹੀ ਜੇਡੀਯੂ ਨੇ ਭਾਜਪਾ ਤੋਂ ਕਈ ਮੰਤਰਾਲਿਆਂ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਅਗਨੀਵੀਰ ਸਕੀਮ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਯੂਨੀਫਾਰਮ ਸਿਵਲ ਕੋਡ (ਯੂਸੀਸੀ) ਬਾਰੇ ਆਪਣੇ ਪੱਖ ਸਪਸ਼ਟ ਕਰਦਿਆਂ ਜੇਡੀਯੂ ਨੇ ਇੱਕ ਵਾਰ ਫਿਰ ਭਾਜਪਾ 'ਤੇ ਦਬਾਅ ਬਣਾਇਆ ਹੈ।


ਐਨਡੀਏ ਦੇ ਸਹਿਯੋਗੀ ਜਨਤਾ ਦਲ ਯੂਨਾਈਟਿਡ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਹੈ ਕਿ ਯੂਨੀਫਾਰਮ ਸਿਵਲ ਕੋਡ 'ਤੇ ਸਾਡਾ ਸਟੈਂਡ ਅੱਜ ਵੀ ਉਹੀ ਹੈ। ਜੇਡੀਯੂ ਦੇ ਜਨਰਲ ਸਕੱਤਰ ਤੇ ਬੁਲਾਰੇ ਕੇਸੀ ਤਿਆਗੀ ਨੇ ਕਿਹਾ ਕਿ ਉਦੋਂ ਵੀ ਅਸੀਂ ਕਿਹਾ ਸੀ ਕਿ ਇਸ ਮਾਮਲੇ 'ਤੇ ਸਾਰੇ ਸਟੇਕ ਹੋਲਟਰਾਂ ਨੂੰ ਨਾਲ ਲੈ ਕੇ ਚੱਲਣ ਦੀ ਲੋੜ ਹੈ। 


ਕੇਸੀ ਤਿਆਗੀ ਨੇ ਕਿਹਾ, 'ਅਸੀਂ ਉਦੋਂ ਵੀ ਕਿਹਾ ਸੀ ਕਿ ਇਸ ਮਾਮਲੇ 'ਤੇ ਸਾਰੇ ਸਟੇਕ ਹੋਲਟਰਾਂ ਨੂੰ ਨਾਲ ਲੈ ਕੇ ਉਨ੍ਹਾਂ ਦੇ ਵਿਚਾਰਾਂ ਨੂੰ ਸਮਝਣ ਦੀ ਲੋੜ ਹੈ। UCC 'ਤੇ ਨਿਤੀਸ਼ ਕੁਮਾਰ ਨੇ ਲਾਅ ਕਮਿਸ਼ਨ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਅਸੀਂ ਇਸ ਦੇ ਖਿਲਾਫ ਨਹੀਂ ਹਾਂ ਪਰ ਇਸ 'ਤੇ ਵਿਆਪਕ ਚਰਚਾ ਦੀ ਲੋੜ ਹੈ।



ਇਸ ਤੋਂ ਇਲਾਵਾ ਅਗਨੀਵੀਰ ਯੋਜਨਾ ਦਾ ਜ਼ਿਕਰ ਕਰਦੇ ਹੋਏ ਕੇਸੀ ਤਿਆਗੀ ਨੇ ਕਿਹਾ, 'ਅਗਨੀਵੀਰ ਯੋਜਨਾ ਨੂੰ ਲੈ ਕੇ ਕਾਫੀ ਵਿਰੋਧ ਹੋਇਆ ਸੀ ਤੇ ਇਸ ਦਾ ਅਸਰ ਚੋਣਾਂ 'ਚ ਵੀ ਦੇਖਣ ਨੂੰ ਮਿਲਿਆ। ਇਸ 'ਤੇ ਮੁੜ ਵਿਚਾਰ ਕਰਨ ਦੀ ਲੋੜ ਹੈ। ਅਗਨੀਵੀਰ ਯੋਜਨਾ ਬਾਰੇ ਨਵੇਂ ਤਰੀਕੇ ਨਾਲ ਸੋਚਣ ਦੀ ਲੋੜ ਹੈ। ਜਦੋਂ ਅਗਨੀਵੀਰ ਸਕੀਮ ਆਈ ਤਾਂ ਇੱਕ ਵੱਡੇ ਵਰਗ ਵਿੱਚ ਅਸੰਤੋਸ਼ ਸੀ। ਮੇਰਾ ਮੰਨਣਾ ਹੈ ਕਿ ਚੋਣਾਂ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਵੀ ਵਿਰੋਧ ਕੀਤਾ। ਇਸ ਲਈ ਅੱਜ ਇਸ ਬਾਰੇ ਨਵੇਂ ਤਰੀਕੇ ਨਾਲ ਚਰਚਾ ਕਰਨ ਦੀ ਲੋੜ ਹੈ।


ਵਨ ਨੇਸ਼ਨ, ਵਨ ਇਲੈਕਸ਼ਨ ਦਾ ਸਮਰਥਨ ਕਰਦੇ ਹੋਏ ਕੇਸੀ ਤਿਆਗੀ ਨੇ ਕਿਹਾ ਕਿ ਜਿੱਥੋਂ ਤੱਕ ਇਕ ਦੇਸ਼, ਇੱਕ ਚੋਣ ਦਾ ਸਵਾਲ ਹੈ, ਅਸੀਂ ਇਸ ਦੇ ਸਮਰਥਨ ਵਿੱਚ ਹਾਂ। ਕੇਸੀ ਤਿਆਗੀ ਨੇ ਕਿਹਾ ਕਿ ਅਸੀਂ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਕਿ ਜੇਕਰ ਬਿਹਾਰ ਤੋਂ ਪਰਵਾਸ ਰੋਕਣਾ ਹੈ ਤਾਂ ਇਸ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੱਤਾ ਜਾਵੇ।