ਨਵੀਂ ਦਿੱਲੀ: ਨੈਸ਼ਨਲ ਮੈਡੀਕਲ ਕਮਿਸ਼ਨ (NMC) ਬਿੱਲ ਵਿਰੁੱਧ ਰਿਹਾਇਸ਼ੀ ਡਾਕਟਰਾਂ ਦੀ ਹੜਤਾਲ ਲਗਾਤਾਰ ਜਾਰੀ ਹੈ। ਹੜਤਾਲ ਕਾਰਨ ਮਰੀਜ਼ਾਂ ਨੂੰ ਦਿੱਲੀ ਦੇ ਕਈ ਸਰਕਾਰੀ ਹਸਪਤਾਲਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਦੀਆਂ ਮੁਸ਼ਕਲਾਂ ਨੂੰ ਵੇਖਦਿਆਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਹੜਤਾਲ ‘ਤੇ ਆਏ ਡਾਕਟਰਾਂ ਨੂੰ ਕੰਮ ‘ਤੇ ਵਾਪਸ ਆਉਣ ਦੀ ਅਪੀਲ ਕੀਤੀ।


ਇੱਥੇ ਰਾਹਤ ਦੀ ਗੱਲ ਇਹ ਹੈ ਕਿ ਸ਼ੁੱਕਰਵਾਰ ਅੱਧੀ ਰਾਤ ਤੋਂ ਹੀ ਏਮਜ਼, ਆਰਐਮਐਲ ਹਸਪਤਾਲ ਤੇ ਦਿੱਲੀ ਸਰਕਾਰ ਦੁਆਰਾ ਚਲਾਏ ਜਾ ਰਹੇ ਹਸਪਤਾਲਾਂ ਸਮੇਤ ਜ਼ਿਆਦਾਤਰ ਹਸਪਤਾਲਾਂ ਵਿੱਚ ਐਮਰਜੈਂਸੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ, ਪਰ ਪ੍ਰਦਰਸ਼ਨਕਾਰੀ ਡਾਕਟਰ ਓਪੀਡੀ ਸਮੇਤ ਗੈਰ ਜ਼ਰੂਰੀ ਸੇਵਾਵਾਂ ਵਿਭਾਗਾਂ ਵਿੱਚ ਹੜਤਾਲ ਜਾਰੀ ਰੱਖਣਗੇ। ਇਹ ਫੈਸਲਾ ਦੇਰ ਰਾਤ ਤੱਕ ਚੱਲੀਆਂ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੀਆਂ ਮੀਟਿੰਗਾਂ ਵਿੱਚ ਲਿਆ ਗਿਆ।


NMC ਬਿੱਲ ਨੂੰ ਲੈ ਕੇ ਵੱਖ-ਵੱਖ ਐਸੋਸੀਏਸ਼ਨਾਂ ਦੇ ਡਾਕਟਰਾਂ ਨੇ ਐਨਐਮਸੀ ਬਿੱਲ ਖ਼ਿਲਾਫ਼ ਆਪਣਾ ਵਿਰੋਧ ਜਤਾਇਆ ਹੈ। ਇਨ੍ਹਾਂ ਸੰਗਠਨਾਂ ਨੇ ਇਲਜ਼ਾਮ ਲਾਇਆ ਹੈ ਕਿ ਇਹ ਬਿੱਲ 'ਗਰੀਬੀ ਵਿਰੋਧੀ, ਵਿਦਿਆਰਥੀ ਵਿਰੋਧੀ ਤੇ ਗੈਰ ਲੋਕਤੰਤਰੀ' ਹੈ। ਦੱਸ ਦੇਈਏ ਬਿੱਲ ਦੇ ਵਿਰੋਧ ਵਿੱਚ ਡਾਕਟਰ ਚਾਰ ਦਿਨਾਂ ਤੋਂ ਹੜਤਾਲ ਕਰ ਰਹੇ ਹਨ।