ਬੀਜੇਪੀ ਦੇ 1000 ਕਰੋੜੀ ਚੰਦੇ ਦਾ ਹਿਸਾਬ ਕਿਸ ਦੇ ਕੋਲ, ਪਾਰਟੀ ਕੋਲ ਨਹੀਂ ਕੋਈ ਖ਼ਜ਼ਾਨਚੀ
ਏਬੀਪੀ ਸਾਂਝਾ | 13 Jun 2018 02:05 PM (IST)
ਨਵੀਂ ਦਿੱਲੀ: 10 ਕਰੋੜ ਪਾਰਟੀ ਵਰਕਰਾਂ ਨਾਲ ਭਾਰਤ ਵਿੱਚ ਸੱਤਾਧਾਰੀ ਪਾਰਟੀ ਬੀਜੇਪੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੋਣ ਦਾ ਦਾਅਵਾ ਕਰਦੀ ਹੈ। ਇਸ ਦੇ ਨਾਲ ਹੀ ਭਾਜਪਾ ਦੇਸ਼ ਦੀਆਂ ਸਭ ਤੋਂ ਰਈਸ ਸਿਆਸੀ ਪਾਰਟੀਆਂ ਵਿੱਚੋਂ ਇੱਕ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੁਨੀਆ ਦੀ ਸਭ ਤੋਂ ਵੱਡੀ ਸਿਆਸੀ ਪਾਰਟੀ ਕੋਲ ਖਜ਼ਾਨਚੀ ਹੀ ਨਹੀਂ ਹੈ। ਇਸ ਮਾਮਲੇ 'ਤੇ ਵਿਰੋਧੀ ਧਿਰ ਨੇ ਵੀ ਬੀਜੇਪੀ 'ਤੇ ਸਵਾਲ ਚੁੱਕੇ ਹਨ। ਭਾਰਤੀ ਜਨਤਾ ਪਾਰਟੀ ਦੀ ਵੈੱਬਸਾਈਟ 'ਤੇ ਪਾਰਟੀ ਦੇ ਸਾਰੇ ਅਹੁਦੇਦਾਰਾਂ ਦੀ ਸੂਚੀ ਮੌਜੂਦ ਹੈ। ਸਭ ਤੋਂ ਪਹਿਲਾਂ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ, ਫਿਰ ਕਈ ਉਪ ਪ੍ਰਧਾਨ, ਫਿਰ ਕੌਮੀ ਸਕੱਤਰ, ਸੰਯੁਕਤ ਮੁੱਖ ਸਕੱਤਰ ਤੇ ਫਿਰ ਸਕੱਤਰਾਂ ਦੀ ਪੂਰੀ ਸੂਚੀ ਉਪਲਬਧ ਹੈ। ਇਸ ਤੋਂ ਬਾਅਦ ਪਾਰਟੀ ਦੇ ਨੌਂ ਅਧਿਕਾਰਤ ਬੁਲਾਰੇ ਹਨ। ਇੱਥੇ ਵੱਖ-ਵੱਖ ਮੋਰਚਿਆਂ ਦੇ ਮੁਖੀ ਤੇ ਫਿਰ ਦਫ਼ਤਰੀ ਸਕੱਤਰਾਂ ਤੇ ਪਾਰਲੀਮਾਨੀ ਪਾਰਟੀ ਦਫ਼ਤਰ ਸਕੱਤਰ ਦੇ ਨਾਂ ਵੀ ਮੌਜੂਦ ਹਨ, ਪਰ ਇਸ ਪੂਰੀ ਸੂਚੀ ਵਿੱਚ ਕਿਤੇ ਵੀ ਖਜਾਨਚੀ ਦਾ ਥਹੁ-ਪਤਾ ਵੀ ਨਹੀਂ। ਦਰਅਸਲ, ਪਾਰਟੀ ਨੂੰ ਕਿੰਨਾ ਚੰਦਾ, ਕਿਵੇਂ, ਕਦੋਂ, ਕਿਸ ਰੂਪ ਵਿੱਚ ਲੈਣਾ ਹੈ ਤੇ ਕਿਵੇਂ ਚੋਣ ਕਮਿਸ਼ਨ ਨੂੰ ਦਰਸਾਉਣਾ ਹੈ, ਇਸ ਕਾਰਜ ਦੀ ਰੂਪਰੇਖਾ ਖਜ਼ਾਨਚੀ ਹੀ ਤੈਅ ਕਰਦਾ ਹੈ। ਭਾਰਤੀ ਜਨਤਾ ਪਾਰਟੀ ਨੇ 2016-17 ਵਿੱਚ ਖ਼ੁਦ ਦੱਸਿਆ ਕਿ ਉਸ ਨੂੰ ਕੁੱਲ 1034 ਕਰੋੜ ਰੁਪਏ ਦਾ ਚੰਦਾ ਮਿਲਿਆ। ਇਨ੍ਹਾਂ ਵਿੱਚ 20 ਹਜ਼ਾਰ ਰੁਪਏ ਤੋਂ ਘੱਟ ਰਕਮ ਨੂੰ ਜੋੜੀਏ ਤਾਂ ਇਹ 464 ਕਰੋੜ 94 ਲੱਖ ਬਣਦੇ ਹਨ। ਇਸ 'ਤੇ ਹੈਰਾਨੀ ਹੁੰਦੀ ਹੈ ਕਿ ਇੰਨੀ ਵੱਡੀ ਰਕਮ ਨੂੰ ਸੰਭਾਲਣ ਵਾਲਾ ਵਿਅਕਤੀ ਹੈ ਹੀ ਨਹੀਂ। ਚੋਣ ਕਮਿਸ਼ਨ ਨੂੰ ਆਪਣੀ ਆਮਦਨ ਦਾ ਵੇਰਵਾ ਦਿੰਦੇ ਹੋਏ ਭਾਜਪਾ ਨੇ ਹਲਫ਼ਨਾਮਾ ਦਿੱਤਾ ਹੈ ਤੇ ਇਸ ਵਿੱਚ ਖਜਾਨਚੀ ਦੇ ਦਸਤਖ਼ਤ ਮੌਜੂਦ ਹਨ। 15 ਸਫ਼ਿਆਂ ਦੇ ਇਸ ਹਲਫ਼ਨਾਮੇ ਉੱਪਰ 10 ਵਾਰ ਦਸਤਖ਼ਤ ਕਰਨ ਵਾਲੇ ਖਜਾਨਚੀ ਦੇ ਨਾਂਅ ਅੰਗ੍ਰੇਜ਼ੀ ਦੇ ਅੱਖਰ ਐਫ ਤੋਂ ਸ਼ੁਰੂ ਹੁੰਦਾ ਹੈ। 29 ਮਈ 2017 ਨੂੰ ਦਾਇਰ ਕੀਤੇ ਇਸ ਹਲਫ਼ਨਾਮੇ ਨੂੰ ਹੁਣ ਇੱਕ ਸਾਲ ਬੀਤ ਗਿਆ ਹੈ, ਪਰ ਹਾਲੇ ਤਕ ਬੀਜੇਪੀ ਦੇ ਖਜਾਨਚੀ ਬਾਰੇ ਕਿਸੇ ਨੂੰ ਪਤਾ ਨਹੀਂ ਹੈ। ਹਲਫ਼ਨਾਮੇ ਤੋਂ ਬਾਅਦ ਚੋਣ ਕਮਿਸ਼ਨ ਵੱਲੋਂ ਵੀ ਸਵਾਲ ਨਹੀਂ ਕੀਤਾ ਗਿਆ ਕਿ ਆਖਿਰ ਖਜਾਨਚੀ ਕੌਣ ਹੈ। ਏਬੀਪੀ ਨਿਊਜ਼ ਨੇ ਬੀਜੇਪੀ ਤੋਂ ਇਸ 'ਤੇ ਪ੍ਰਤੀਕਿਰਿਆ ਮੰਗੀ ਤਾਂ ਜਵਾਬ ਨਹੀਂ ਦਿੱਤਾ ਗਿਆ ਤੇ ਚੋਣ ਕਮਿਸ਼ਨ ਨੇ ਵੀ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਮਾਮਲੇ 'ਤੇ ਕਾਂਗਰਸ ਨੇ ਕਿਹਾ ਕਿ ਜਿਹੜੀ ਪਾਰਟੀ ਕਰੋੜਾਂ ਦਾ ਚੰਦਾ ਲੈਂਦੀ ਹੈ, ਉਸ ਨੂੰ ਆਪਣੇ ਖਜਾਨਚੀ ਦਾ ਨਾਂ ਦੱਸਣਾ ਚਾਹੀਦਾ ਹੈ।