ਨਵੀਂ ਦਿੱਲੀ: ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕੁਝ ਦਿਨ ਪਹਿਲਾਂ ਟਵੀਟ ਕਰ ਇਹ ਦਾਅਵਾ ਕੀਤਾ ਸੀ ਕਿ ਭਾਜਪਾ 70 ਵਿੱਚੋਂ 55 ਸੀਟਾਂ ਤੋਂ ਜ਼ਿਆਦਾ ਜਿੱਤੇਗੀ ਪਰ ਰੁਝਾਨ ਦੇ ਤਾਜ਼ਾ ਅੰਕੜੇ ਕੁਝ ਹੋਰ ਹੀ ਬਿਆਨ ਕਰਦੇ ਹਨ। ਦੁਪਹਿਰ 12 ਵਜੇ ਤੱਕ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ, ਭਾਜਪਾ ਦੀ ਦਿੱਲੀ ਇਕਾਈ ਦੇ ਦਫ਼ਤਰ ਵਰਕਰ ਬੁਹਤ ਥੋੜ੍ਹੇ ਦਿਖਾਈ ਦਿੱਤੇ ਪਰ ਭਾਜਪਾ ਦੇ ਦਫ਼ਤਰ 'ਚ ਟੀਵੀ ਚੈਨਲਾਂ ਨਾਲ ਗੱਲਬਾਤ ਕਰਨ ਲਈ ਬੁਲਾਰੇ ਕਾਫ਼ੀ ਮੌਜੂਦ ਸਨ। ਇੱਕ ਨੇਤਾ ਨੇ ਤਾਂ ਭਾਜਪਾ ਦੀ ਬੜ੍ਹਤ ਦਾ ਸਿਹਰਾ ਅਮਿਤ ਸ਼ਾਹ ਦੇ ਸਿਰ ਮੜ੍ਹ ਦਿੱਤਾ।


ਪਾਰਟੀ ਦੇ ਸੀਨੀਅਰ ਲੀਡਰ ਤਾਂ ਇੱਥੇ ਮੌਜੂਦ ਨਹੀਂ ਸਨ, ਪਰ ਵਰਕਰ ਤੇ ਬੁਲਾਰੇ ਆਪਣੀਆਂ ਨਜ਼ਰਾਂ ਟੀਵੀ ਸਕਰੀਨ ਤੇ ਗੱਡੀ ਬੈਠੇ ਸਨ। ਦਰਅਸਲ, ਹਰ ਵਰਕਰ ਦੀ ਜ਼ਬਾਨ 'ਤੇ ਇਕੋ ਚੀਜ਼ ਸੀ। ਕੁਝ ਵਰਕਰਾਂ ਦਾ ਇਹ ਕਹਿਣਾ ਸੀ ਕਿ ਜੇ ਭਾਜਪਾ 2015 ਦੇ ਮੁਕਾਬਲੇ ਇਸ ਵਾਰ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਇਸ ਦਾ ਸਿਹਰਾ ਅਮਿਤ ਸ਼ਾਹ ਨੂੰ ਜਾਂਦਾ ਹੈ।

ਅਮਿਤ ਸ਼ਾਹ ਨੇ ਆਪਣੀ ਸਾਰੀ ਤਾਕਤ ਦਿੱਲੀ ਚੋਣਾਂ ਵਿੱਚ ਲਾ ਦਿੱਤੀ। ਉਸ ਨੇ ਲਗਪਗ 55 ਰੈਲੀਆਂ ਤੇ ਰੋਡ ਸ਼ੋਅ ਕੀਤੇ। ਇੱਕ ਨੇਤਾ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਕਿਹਾ, ਅਮਿਤ ਸ਼ਾਹ ਨੇ ਦਿਖਾਇਆ ਹੈ ਕਿ ਜੇ ਵਰਕਰ ਸਖ਼ਤ ਮਿਹਨਤ ਕਰਦੇ ਹਨ ਤਾਂ ਨਤੀਜਾ ਕੀ ਤੋਂ ਕੀ ਹੋ ਸਕਦੇ ਹਨ।