ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਅਜਿਹਾ ਪੈਂਤੜਾ ਮਾਰਿਆ ਜਿਸ ਨਾਲ ਪ੍ਰਧਾਨ ਮੰਤਰੀ ਮੋਦੀ ਚਿੱਤ ਹੋ ਗਏ। ਰਾਹੁਲ ਦੇ ਤੁਰੰਤ ਐਕਸ਼ਨ ਨੂੰ ਵੇਖ ਬੀਜੇਪੀ ਵਾਲੇ ਵੀ ਹੈਰਾਨ ਰਹਿ ਗਏ। ਦਰਅਸਲ ਪਹਿਲਾਂ ਤਾਂ ਰਾਹੁਲ ਗਾਂਧੀ ਨੇ ਬੀਜੇਪੀ ਨੂੰ ਪੂਰੇ ਰਗੜੇ ਲਾਏ ਤੇ ਫਿਰ ਅਚਾਨਕ ਜਾ ਕੇ ਮੋਦੀ ਨੂੰ ਜੱਫੀ ਪਾ ਲਈ। ਰਾਹੁਲ ਨੇ ਕਿਹਾ ਕਿ ਜੇ ਕੋਈ ਤੁਹਾਡੇ ਨਾਲ ਨਫ਼ਰਤ ਕਰਦਾ ਹੈ ਤਾਂ ਉਸ ਨੂੰ ਗਲ਼ੇ ਲਾਓ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦਿਲਾਂ ਅੰਦਰ ਮੇਰੇ ਲਈ ਨਫ਼ਰਤ ਹੈ। ਉਹ ਮੈਨੂੰ ਪੱਪੂ ਜਾਂ ਗਾਲ਼ਾਂ ਨਾਲ ਬੁਲਾ ਸਕਦੇ ਹਨ, ਪਰ ਮੇਰੇ ਦਿਲ ਅੰਦਰ ਉਨ੍ਹਾਂ ਲੋਕਾਂ ਲਈ ਨਫ਼ਰਤ ਨਹੀਂ। ਆਪਣੇ ਭਾਸ਼ਣ ਦੇ ਆਖ਼ਰੀ ਹਿੱਸੇ ਵਿੱਚ ਰਾਹੁਲ ਨੇ ਆਪਣੇ ਆਪ ਨੂੰ ਹਿੰਦੂ ਤੇ ਸ਼ਿਵਭਗਤ ਦੱਸਿਆ। ਰਾਹੁਲ ਨੇ ਵੱਡਾ ਦਿਲ ਦਿਖਾ ਕੇ ਆਪਣਾ ਮਜ਼ਾਕ ਉਡਾਏ ਜਾਣ ਦਾ ਵੀ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਤੁਸੀਂ ਮੈਨੂੰ ਪੱਪੂ ਕਹੋ, ਕਿੰਨੀਆਂ ਵੀ ਗਾਲ਼ਾਂ ਕੱਢੋ, ਪਰ ਮੈਂ ਨਫ਼ਰਤ ਨਹੀਂ ਕਰਦਾ। ਹਿੰਦੂ ਹੋਣ ਦਾ ਮਤਲਬ ਸਮਝਣ ਲਈ ਰਾਹੁਲ ਨੇ ਖ਼ੁਦ ਨੂੰ ਪ੍ਰਧਾਨ ਮੰਤਰੀ, ਬੀਜੇਪੀ ਤੇ RSS ਦਾ ਧੰਨਵਾਦੀ ਦੱਸਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਹੀ ਮੈਨੂੰ ਕਾਂਗਰਸ ਤੇ ਹਿੰਦੂ ਹੋਣ ਦਾ ਮਤਲਬ ਸਮਝਾਇਆ ਹੈ ਤੇ ਸ ਲਈ ਮੈਂ ਦਿਲੋਂ ਇਨ੍ਹਾਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਨੇ ਇਸ ਲਈ ਮੋਦੀ ਨੂੰ ਗਲੇ ਨਾਲ ਵੀ ਲਾਇਆ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ ਸਰਕਾਰ ਵਿਰੁੱਧ ਗੈਰ-ਭਰੋਸੇਮੰਦ ਮਤਾ ਪੇਸ਼ ਕਰਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਮੋਦੀ ਸਰਕਾਰ ਨੂੰ ਰੁਜ਼ਗਾਰ, 15 ਲੱਖ ਰੁਪਏ ਦੇ ਵਾਅਦੇ, ਨੋਟਬੰਦੀ, ਜੀਐੱਸਟੀ, ਰਾਫੇਲ ਸੌਦਾ, ਕਿਸਾਨਾਂ ਦੀ ਬਦਹਾਲੀ, ਲਿੰਚਿੰਗ ਤੇ ਔਰਤਾਂ ਦੀ ਸੁਰੱਖਿਆ ਸਬੰਧੀ ਆੜੇ ਹੱਥੀਂ ਲਿਆ। ਆਪਣਾ ਭਾਸ਼ਣ ਸ਼ੁਰੂ ਕਰਨ ਸਾਰ ਹੀ ਉਨ੍ਹਾਂ ਕਿਹਾ ਕਿ ਇਹ ਜੁਮਲਿਆਂ ਵਾਲੀ ਸਰਕਾਰ ਹੈ।