ਨਵੀਂ ਦਿੱਲੀ: ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤੇ 'ਤੇ ਚਰਚਾ ਦੌਰਾਨ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਮੋਦੀ 'ਤੇ ਭ੍ਰਿਸ਼ਟਾਚਾਰੀ ਦੇ ਦੋਸ਼ ਲਾਉਂਦਿਆਂ ਕੇਂਦਰ ਨੂੰ ਜੁਮਲਿਆਂ ਦੀ ਸਰਕਾਰ ਦੱਸਿਆ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਕਾਲਾ ਧਨ ਲਿਆ ਕੇ ਹਰ ਵਿਅਕਤੀ ਦੇ ਖਾਤੇ 15 ਲੱਖ ਰੁਪਏ ਭੇਜੇ ਜਾਣਗੇ ਜਦਕਿ ਚੋਣਾਂ ਤੋਂ ਬਾਅਦ ਮੋਦੀ ਆਪਣੇ ਵਾਅਦੇ ਤੋਂ ਮੁਨਕਰ ਹੋ ਗਏ।

ਰੋਜ਼ਗਾਰ ਮੁੱਦਾ ਰਾਹੁਲ ਨੇ ਕਿਹਾ ਕਿ ਮੋਦੀ ਨੇ ਲੋਕਾਂ ਨੂੰ ਰੁਜ਼ਗਾਰ ਦੇ ਮੁੱਦੇ 'ਤੇ ਵੀ ਧੋਖਾ ਦਿੱਤਾ। ਮੋਦੀ ਨੇ ਹਰ ਸਾਲ ਦੋ ਕਰੋੜ ਲੋਕਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਮੋਦੀ ਦੇ ਆਉਣ ਤੋਂ ਬਾਅਦ ਸਿਰਫ 4 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ।

ਰਾਫੇਲ ਡੀਲ 'ਚ ਧੋਖਾਧੜੀ ਰਾਹੁਲ ਨੇ ਰਾਫੇਲ ਡੀਲ 'ਚ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰੀ ਦਾ ਖਦਸ਼ਾ ਜਤਾਉਂਦਿਆਂ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ 'ਤੇ ਦੇਸ਼ ਨਾਲ ਝੂਠ ਬੋਲਣ ਦੇ ਇਲਜ਼ਾਮ ਲਾਏ। ਉਨ੍ਹਾਂ ਕਿਹਾ ਕਿ ਰਾਫੇਲ ਹਵਾਈ ਜਹਾਜ਼ ਦੀ ਸਾਡੀ ਡੀਲ 'ਚ ਇਸ ਦਾ ਮੁੱਲ 520 ਕਰੋੜ ਰੁਪਏ ਸੀ ਜਦਕਿ ਮੋਦੀ ਫਰਾਂਸ ਗਏ ਤੇ ਰਾਫੇਲ ਦਾ ਮੁੱਲ ਤਿੰਨ ਗੁਣਾ ਤੋਂ ਵੀ ਵਧ ਕੇ 1650 ਕਰੋੜ ਰੁਪਏ ਹੋ ਗਿਆ। ਰਾਹੁਲ ਦੇ ਇਸ ਬਿਆਨ 'ਤੇ ਬੀਜੇਪੀ ਸੰਸਦ ਮੈਂਬਰ ਭੜਕ ਉੱਠੇ।

ਕਿਸਾਨੀ ਕਰਜ਼ਾ ਰਾਹੁਲ ਨੇ ਮੋਦੀ ਨੂੰ ਕਿਸਾਨਾਂ ਦੀ ਮੰਦਹਾਲੀ ਦੇ ਮੁੱਦੇ 'ਤੇ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇਸ਼ ਦੇ ਸਭ ਤੋਂ ਅਮੀਰ ਲੋਕਾਂ ਦਾ ਢਾਈ ਲੱਖ ਕਰੋੜ ਦਾ ਕਰਜ਼ਾ ਮਾਫ ਕਰ ਸਕਦੇ ਹਨ ਪਰ ਗਰੀਬ ਕਿਸਾਨਾਂ ਦਾ ਕਰਜ਼ਾ ਮਾਫ ਨਹੀਂ ਹੋ ਸਕਦਾ।

ਰਾਹੁਲ ਗਾਂਧੀ ਨੇ ਅਮਿਤ ਸ਼ਾਹ ਦੇ ਬੇਟੇ ਦੀ ਆਮਦਨ 16000 ਗੁਣਾ ਵਧ ਜਾਣ 'ਤੇ ਮੋਦੀ ਵੱਲੋਂ ਕੋਈ ਪ੍ਰਤੀਕਿਰਿਆ ਨਾ ਆਉਣ 'ਤੇ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਆਪਣੇ ਆਪ ਨੂੰ ਦੇਸ਼ ਦਾ ਚੌਕੀਦਾਰ ਮੰਨਦੇ ਹਨ ਪਰ ਅਸਲ 'ਚ ਉਹ ਚੌਕੀਦਾਰ ਨਹੀਂ ਦੇਸ਼ ਦੇ ਹਿੱਸੇਦਾਰ ਬਣ ਬੈਠੇ ਹਨ।

ਰਾਹੁਲ ਨੇ ਮੋਦੀ ਤੇ ਅੰਬਾਨੀ ਦੇ ਆਪਸੀ ਸੰਬੰਧਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੀਓ ਦੇ ਵਿਗਿਆਪਨ 'ਤੇ ਪ੍ਰਧਾਨ ਮੰਤਰੀ ਦੀ ਤਸਵੀਰ ਆ ਸਕਦੀ ਹੈ। ਪ੍ਰਧਾਨ ਮੰਤਰੀ ਦੇਸ਼ ਦੇ 10-20 ਬਿਜ਼ਨਸਮੈਨਾਂ ਲਈ ਕੰਮ ਕਰਦੇ ਹਨ ਪਰ ਦੇਸ਼ ਦੀ ਗਰੀਬ ਜਨਤਾ ਲਈ ਉਨ੍ਹਾਂ ਕੋਲ ਕੋਈ ਵਿਹਲ ਨਹੀਂ ਹੈ।