ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਦੀ ਤਸਕਰੀ ਤੇ ਪੈਦਾਵਾਰ ’ਤੇ ਕਾਬੂ ਪਾਉਣ ਲਈ ਗੁਆਂਢੀ ਸੂਬੇ ਹਿਮਾਚਲ, ਹਰਿਆਣਾ ਤੇ ਰਾਜਸਥਾਨ ਦੇ ਮੁੱਖ ਮੰਤਰੀਆਂ ਨੂੰ ਸਹਿਯੋਗ ਦੇਣ ਲਈ ਚਿੱਠੀਆਂ ਲਿਖੀਆਂ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਵੀ ਮਦਦ ਦੀ ਗੁਹਾਰ ਲਾਈ ਹੈ। ਚਿੱਠੀ ਵਿੱਚ ਉਨ੍ਹਾਂ ਮੁੱਖ ਮੰਤਰੀਆਂ ਨੂੰ ਆਪਣੇ ਅਧੀਨ ਖੇਤਰਾਂ ’ਚ ਨਸ਼ਾ ਤਸਕਰਾਂ ਲਈ ਕਿਸੇ ਵੀ ਤਰ੍ਹਾਂ ਦਾ ਸੁਰੱਖਿਅਤ ਅੱਡਾ ਨਾ ਬਣਨ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੋਂ ਇਲਾਵਾ ਕੈਪਟਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਤੇ ਰਾਜਸਥਾਨ ਦੇ ਮੁੱਖ ਮੰਤਰੀ ਵਸੁੰਧਰਾ ਰਾਜੇ ਨੂੰ ਨਸ਼ਾਖੋਰੀ ਦੀ ਸਮੱਸਿਆ ਬਾਰੇ ਵੱਖਰੀ ਚਿੱਠੀ ਲਿਖੀ ਹੈ। ਚਿੱਠੀ ਵਿੱਚ ਕੈਪਟਨ ਨੇ ਉਨ੍ਹਾਂ ਨੂੰ ਪੁਲਿਸ ਤੇ ਹੋਰ ਏਜੰਸੀਆਂ ਨੂੰ ਸਲਾਹ ਦੇਣ ਲਈ ਕਿਹਾ ਹੈ ਕਿ ਉਹ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਨੂੰ ਆਪਣਾ ਸਹਿਯੋਗ ਦੇਣ। ਇਸ ਦੇ ਨਾਲ ਹੀ ਉਨ੍ਹਾਂ ਚਿੱਠੀ ਵਿੱਚ ਨਸ਼ਾਖੋਰੀ ਖ਼ਿਲਾਫ਼ ਭਾਰਤ ਸਰਕਾਰ ’ਤੇ ਦਬਾਅ ਪਾਉਣ ਤੇ ਇਸ ਦੀ ਰੋਕਥਾਮ ਲਈ ਕੌਮੀ ਨੀਤੀ ਤਿਆਰ ਕਰਨ ਲਈ ਵੀ ਕਿਹਾ ਹੈ।

ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਰਾਹੀਂ ਕੈਪਟਨ ਨੇ ਕਿਹਾ ਹੈ ਕਿ ਨਸ਼ਾ ਤਸਕਰ ਪੰਜਾਬ ਤੋਂ ਭੱਜ ਕੇ ਗੁਆਂਢੀ ਰਾਜਾਂ ਵਿੱਚ ਲੁਕੇ ਹੋਏ ਹਨ। ਕੌਮਾਂਤਰੀ ਸਰਹੱਦ 'ਤੇ ਤਸਕਰੀ ਦੇ ਇਲਾਵਾ, ਗੁਆਂਢੀ ਸੂਬਿਆਂ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਦਿੱਲੀ ਤੋਂ ਵੀ ਪੰਜਾਬ ਵਿੱਚ ਤਸਕਰੀ ਹੋਣ ਦੀ ਰਿਪੋਰਟ ਮਿਲੀ ਹੈ। ਨਸ਼ਿਆਂ ਦੀ ਕਾਸ਼ਤ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਨਸ਼ੇ ਦੀ ਖੇਤੀ ਕਰਨ ਵਾਲੇ ਸੂਬਿਆਂ ਤੋਂ ਪੰਜਾਬ ਨੂੰ ਨਸ਼ਿਆਂ ਦਾ ਸਪਲਾਈ ਕੀਤੀ ਜਾ ਰਹੀ ਹੈ।

ਦਿੱਲੀ ਨਸ਼ਾ ਤਸਕਰਾਂ ਲਈ ਇੱਕ ਸੁਰੱਖਿਅਤ ਅੱਡਾ ਬਣਿਆ ਹੋਇਆ ਹੈ। ਕੈਪਟਨ ਨੇ ਕਿਹਾ ਹੈ ਕਿ ਨਸ਼ੇ ਵਿਰੁੱਧ ਤਿੰਨ ਪੜਾਵਾਂ 'ਚ ਇਕ ਰਣਨੀਤੀ ਬਣਾਈ ਜਾਏ, ਜਿਸ ਵਿੱਚ ਨਸ਼ਿਆਂ ਖ਼ਿਲਾਫ਼ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨਾ, ਨਸ਼ਾ ਛੁਡਾਉਣਾ ਤੇ ਨਸ਼ੇ ਦੀ ਰੋਕਥਾਮ ਕਰਨਾ ਸ਼ਾਮਲ ਹੈ।