ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਅੱਜ ਲੋਕ ਸਭਾ ਵਿਚ ਪਰਲ, ਕ੍ਰਾਊਨ ਵਰਗੀਆਂ ਚਿੱਟ ਫ਼ੰਡ ਕੰਪਨੀਆਂ ਵੱਲੋਂ ਲੋਕਾਂ ਨਾਲ ਕੀਤੀ ਕਰੋੜਾਂ ਦੀ ਠੱਗੀ ਦਾ ਮੁੱਦਾ ਅੱਜ ਲੋਕ ਸਭਾ ਵਿੱਚ ਚੁੱਕਿਆ। ਅਜਿਹੀਆਂ ਕੰਪਨੀਆਂ ਦੀ ਲੁੱਟ ਤੋਂ ਇਨਸਾਫ ਦਿਵਾਉਣ ਵਾਲੇ ਆਰਥਿਕ ਅਪਰਾਧੀ ਬਿੱਲ ਦੀ ਹਮਾਇਤ ਕੀਤੀ। ਮਾਨ ਨੇ ਕਿਹਾ ਕਿ ਇਹ ਬਿੱਲ ਲਾਗੂ ਹੋਣ ਤੋਂ ਬਾਅਦ ਜੋ ਲੋਕਾਂ ਦੇ ਪੈਸੇ ਲੈ ਕੇ ਭੱਜੇਗਾ ਉਸ 'ਤੇ ਕਾਰਵਾਈ ਹੋਵੇਗੀ।


ਮਾਨ ਨੇ ਕਿਹਾ ਕਿ ਇਸ ਤੋਂ ਇਹ ਮਤਲਬ ਕੱਢਿਆ ਜਾਵੇ ਕਿ ਸਰਕਾਰ ਨੇ ਲੋਕਾਂ ਦਾ ਅਰਬਾਂ ਰੁਪਇਆ ਲੈ ਕੇ ਭੱਜਣ ਵਾਲੇ ਵਿਜੈ ਮਾਲਿਆ, ਲਲਿਤ ਮੋਦੀ, ਨੀਰਵ ਮੋਦੀ ਆਦਿ ਲੋਕਾਂ ਨੂੰ ਮੁਆਫ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਦੇਸ਼ ਦੇ ਬੈਂਕਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਕਿ ਪਤਾ ਨਹੀਂ ਕਦੋਂ ਕੋਈ ਮਾਲਿਆ, ਮੋਦੀ ਆਦਿ ਉਨ੍ਹਾਂ ਦਾ ਪੈਸਾ ਲੈ ਕੇ ਫ਼ਰਾਰ ਹੋ ਜਾਵੇਗਾ। ਜਿਸ ਕਾਰਨ ਉਹ ਬੈਂਕਾਂ ਵਿਚ ਪੈਸੇ ਜਮਾ ਕਰਵਾਉਣ ਤੋਂ ਡਰਨ ਲੱਗ ਪਏ ਹਨ।

ਉਨ੍ਹਾਂ ਕਿਹਾ ਕਿ ਬੈਂਕਾਂ ਕੋਲੋਂ ਕੁਝ ਕੁ ਹਜ਼ਾਰ ਰੁਪਏ ਦਾ ਕਰਜ਼ਾ ਲੈਣ ਵਾਲੇ ਕਿਸਾਨਾਂ ਦੀਆਂ ਤਾਂ ਬੈਂਕ ਫ਼ੋਟੋਆਂ ਲਗਾ ਕੇ ਉਨ੍ਹਾਂ ਨੂੰ ਸ਼ਰ੍ਹੇਆਮ ਜ਼ਲੀਲ ਕਰਦਾ ਹੈ ਪਰੰਤੂ ਅਰਬਾਂ ਰੁਪਏ ਲੈ ਕੇ ਫ਼ਰਾਰ ਹੋਣ ਵਾਲੇ ਵੱਡੇ ਉਦਯੋਗਪਤੀ ਆਰਾਮ ਨਾਲ ਵਿਦੇਸ਼ਾਂ ਵਿਚ ਬੈਠੇ ਹਨ ਪਰੰਤੂ ਬੈਂਕਾਂ ਨੂੰ ਧੋਖਾ ਦੇ ਕੇ ਆਮ ਲੋਕਾਂ ਦਾ ਅਰਬਾਂ ਰੁਪਏ ਲੁੱਟਣ ਵਾਲੇ ਤੋਂ ਕੋਈ ਪੁੱਛ ਪੜਤਾਲ ਵੀ ਨਹੀਂ ਕਰਦਾ।

ਪ੍ਰਧਾਨ ਮੰਤਰੀ ਮੋਦੀ ਉੱਤੇ ਤੰਜ ਕਸਦਿਆਂ ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਮੋਦੀ ਕਹਿੰਦੇ ਸਨ ਕਿ ਭਾਜਪਾ ਸਰਕਾਰ ਆਉਣ ਤੋਂ ਬਾਅਦ ਲੋਕਾਂ ਦੇ ਖਾਤਿਆਂ ਵਿਚ 15-15 ਲੱਖ ਆ ਜਾਣਗੇ, ਪਰੰਤੂ ਸਰਕਾਰ ਨੇ ਨੋਟਬੰਦੀ ਕਰਕੇ ਉਨ੍ਹਾਂ ਤੋਂ ਉਨ੍ਹਾਂ ਦੇ ਪੈਸੇ ਵੀ ਖੋਹ ਲਏ। ਉਨ੍ਹਾਂ ਕਿਹਾ ਕਿ ਨੋਟਬੰਦੀ ਦੌਰਾਨ ਵੀ ਬੈਂਕਾਂ ਸਾਹਮਣੇ ਲਾਈਨਾਂ ਵਿਚ ਖੜਨ ਵਾਲੇ ਕਿਸਾਨ, ਮਜ਼ਦੂਰ, ਦਿਹਾੜੀਦਾਰ ਆਦਿ ਹੀ ਸਨ ਜਦਕਿ ਵੱਡੇ ਘਰਾਨਿਆਂ ਦੇ ਨੋਟ ਖ਼ੁਦ ਹੀ ਬਦਲੇ ਗਏ ਸਨ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇਸ਼ ਦੇ ਬੈਂਕਾਂ ਦਾ 10 ਲੱਖ ਕਰੋੜ ਰੁਪਇਆ ਡਿਫਾਲਟਰਾਂ ਵੱਲੋਂ ਦੱਬਿਆਂ ਹੋਇਆ ਹੈ। ਇਸ ਤੋਂ ਬਿਨਾ ਚਿੱਟ ਫ਼ੰਡ ਕੰਪਨੀਆਂ ਨੇ ਲੋਕਾਂ ਨਾਲ ਕਰੋੜਾਂ ਦਾ ਧੋਖਾ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਕਿਹਾ ਕਿ ਪਰਲ ਗਰੁੱਪ ਨੇ ਪੰਜਾਬ ਦੇ ਲੋਕਾਂ ਦੇ ਕਰੋੜਾਂ ਰੁਪਏ ਲੁੱਟੇ ਹਨ ਪਰੰਤੂ ਫਿਰ ਵੀ ਉਨ੍ਹਾਂ ਦੀ ਜਾਇਦਾਦ ਨਿਲਾਮ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਕੰਪਨੀ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਣਾ ਇਸ ਮਸਲੇ ਦਾ ਹੱਲ ਨਹੀਂ ਹੈ, ਬਲਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦੀ ਜਾਇਦਾਦ ਦੀ ਨਿਲਾਮੀ ਕਰਕੇ ਲੋਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰੇ।

ਮਾਨ ਨੇ ਕਿਹਾ ਸਹੀਦੇ ਆਜ਼ਮ ਭਗਤ ਸਿੰਘ ਨੂੰ ਇਹ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਲੋਕਾਂ ਦੇ ਹੱਥ ਵਿਚ ਜਾਵੇਗਾ ਅਤੇ ਉਨ੍ਹਾਂ ਦਾ ਉਹ ਡਰ ਅੱਜ ਦੇ ਭ੍ਰਿਸ਼ਟ ਸ਼ਾਸਕਾਂ ਨੇ ਸੱਚ ਸਾਬਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਅੰਗਰੇਜ਼ ਵੀ ਭਾਰਤ ਨੂੰ 200 ਸਾਲ ਵਿਚ ਉਨ੍ਹਾਂ ਨਹੀਂ ਲੁੱਟ ਸਕੇ ਜਿਨ੍ਹਾਂ 60 ਸਾਲਾਂ ਵਿਚ ਸਾਡੇ ਆਪਣੇ ਸ਼ਾਸਕਾਂ ਨੇ ਲੁੱਟ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦਾ ਸਾਰਾ ਖ਼ਜ਼ਾਨਾ ਬਾਹਰਲੇ ਮੁਲਕਾਂ ਨੂੰ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨੌਜਵਾਨਾਂ ਨੂੰ ਪਕੌੜੇ ਤਲ਼ਨ ਦੀ ਸਲਾਹ ਦੇ ਰਚੇ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਆਦਮੀ ਆਪਣੇ ਰੋਜ਼ ਦੇ ਖ਼ਰਚੇ ਚੁੱਕਣ ਤੋਂ ਵੀ ਅਸਮਰਥ ਹੈ। ਉਨ੍ਹਾਂ ਮੰਗ ਕੀਤੀ ਕਿ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਕੇ ਸਰਕਾਰ ਆਪਣੀ ਸੰਜੀਦਗੀ ਦਾ ਨਮੂਨਾ ਪੇਸ਼ ਕਰੇ।