ਨਵੀਂ ਦਿੱਲੀ: ਸਾਲ 2014 ਵਿੱਚ ਮੋਦੀ ਸਰਕਾਰ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਈ ਸੀ। ਸਰਕਾਰ ਦੇ ਚਾਰ ਸਾਲ ਦੇ ਕਾਰਜਕਾਲ ਤੋਂ ਬਾਅਦ ਪਹਿਲੀ ਵਾਰ ਸਰਕਾਰ ਨੂੰ ਸੰਸਦ ਵਿੱਚ ਬੇਵਿਸਾਹੀ ਮਤੇ ਦਾ ਸਾਹਮਣਾ ਕਰਨਾ ਪਵੇਗਾ। ਕੱਲ੍ਹ ਮਾਨਸੂਨ ਇਜਲਾਸ ਦੇ ਪਹਿਲੇ ਦਿਨ ਹੀ ਵਿਰੋਧੀ ਧਿਰ ਨੇ ਬੇਭਰੋਸਗੀ ਮਤੇ ਦੀ ਪੇਸ਼ਕਸ਼ ਕੀਤੀ ਸੀ ਤੇ ਲੋਕ ਸਭਾ ਸਪੀਕਰ ਨੇ ਉਸ ਨੂੰ ਪ੍ਰਵਾਨ ਵੀ ਕਰ ਲਿਆ ਸੀ। ਹੁਣ ਭਲਕੇ ਬੇਵਸਾਹੀ ਮਤਾ ਪੇਸ਼ ਹੋਵੇਗਾ। ਫਿਰ ਇਸ 'ਤੇ ਚਰਚਾ ਹੋਵੇਗੀ ਤੇ ਫਿਰ ਵੋਟਿੰਗ ਕਰਵਾਈ ਜਾਵੇਗੀ। ਅਜਿਹੇ ਵਿੱਚ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪਾਰਟੀ ਐਨਡੀਏ ਦੇ ਪੱਖ ਵਿੱਚ ਹੈ ਤੇ ਕੌਣ ਵਿਰੋਧੀਆਂ ਦੇ ਪੱਖ ਵਿੱਚ ਇਸ ਤੋਂ ਇਹ ਸਾਫ ਹੋ ਜਾਵੇਗਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਿਹੜਾ ਦਲ ਕਿਸ ਨਾਲ ਹੈ।


ਮੋਦੀ ਸਰਕਾਰ ਵੱਲੋਂ ਜਿੱਤ ਦਾ ਦਾਅਵਾ

ਸਰਕਾਰ ਦਾ ਦਾਅਵਾ ਹੈ ਕਿ ਬੇਵਿਸਾਹੀ ਮਤੇ ਨਾਲ ਉਸ ਨੂੰ ਫਾਇਦਾ ਹੋਵੇਗਾ, ਕਿਉਂਕਿ ਇਸੇ ਬਹਾਨੇ ਪੀਐਮ ਮੋਦੀ ਦੇਸ਼ ਸਾਹਮਣੇ ਆਪਣੀ ਗੱਲ ਰੱਖ ਸਕਣਗੇ ਤੇ ਚਾਰ ਸਾਲ ਕੀਤੇ ਕੰਮ ਦੀਆਂ ਉਪਲਬਧੀਆਂ ਦੇਸ਼ ਨੂੰ ਦੱਸਣ ਦਾ ਵੱਡਾ ਮੌਕਾ ਵੀ ਮਿਲ ਜਾਵੇਗਾ।

ਵਿਰੋਧੀਆਂ ਦੀ ਮਨਸ਼ਾ

ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਰਕਾਰ ਨੂੰ ਹਰਾਉਣਾ ਨਹੀਂ ਬਲਕਿ ਉਸ ਦੀ ਪੋਲ ਖੋਲ੍ਹਣਾ ਹੈ। ਨੀਰਵ ਮੋਦੀ, ਬੈਂਕ ਘੁਟਾਲਾ, ਭੀੜ ਦੀ ਹਿੰਸਾ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦਾ ਮੌਕਾ ਮਿਲੇਗਾ। ਸੋਨੀਆ ਗਾਂਧੀ ਦਾ ਦਾਅਵਾ ਹੈ ਕਿ ਵਿਰੋਧੀ ਧਿਰਾਂ ਕੋਲ ਨੰਬਰ ਹਨ।

ਆਓ ਤੁਹਾਨੂੰ ਕੁਝ ਅੰਕੜਿਆਂ ਬਾਰੇ ਇਹ ਦੱਸ ਦੇਈਏ ਜੋ ਇਸ ਮਤੇ ਲਈ ਬੇਹੱਦ ਜ਼ਰੂਰੀ ਹਨ-

ਐਨਡੀਏ ਦੀਆਂ ਕਿੰਨੀਆਂ ਸੀਟਾਂ

ਬੀਜੇਪੀ- 272, ਸ਼ਿਨ ਸੈਨਾ- 18, ਐਲਜੇਪੀ- 6, ਅਕਾਲੀ ਦਲ-4, ਆਰਐਲਐਸਪੀ- 3, ਅਪਨਾ ਦਲ- 2, ਜੇਡੀਯੂ- 2, ਐਨ.ਆਰ. ਕਾਂਗਰਸ- 1, ਐਨਡੀਪੀ- 1, ਪੀਐਮਕੇ- 1. ਕੁੱਲ ਮਿਲਾ ਕੇ ਸੀਟਾਂ ਹੋਈਆਂ 311

ਵਿਰੋਧੀਆਂ ਦੀਆਂ ਸੀਟਾਂ

ਯੂਪੀਏ- 67, ਟੀਐਮਸੀ- 34, ਬੀਜੇਡੀ- 20, ਟੀਡੀਪੀ- 16, ਟੀਆਰਐਸ- 11, ਏਆਈਏਡੀਐਮਕੇ 37 ਤੇ ਹੋਰ 30, ਯਾਨੀ ਕੁੱਲ ਸੀਟਾਂ 215

ਹਾਲਾਂਕਿ, ਇਹ ਸਾਫ ਨਹੀਂ ਹੈ ਕਿ ਭਲਕੇ ਫਲੋਰ ਟੈਸਟ 'ਤੇ ਕੀ ਹੋਵੇਗਾ। ਇਸ ਲਈ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਮੋਦੀ ਨੂੰ ਕਿਸ ਦਾ ਸਾਥ ਮਿਲੇਗਾ ਤੇ ਕਿਸ ਦਾ ਨਹੀਂ।

AIADMK- ਤਾਮਿਲਨਾਡੂ ਵਿੱਚ ਜੈਲਲਿਤਾ ਦੀ ਪਾਰਟੀ ਰਹੀ ਏਆਈਡੀਐਮਕੇ ਮੋਦੀ ਸਰਕਾਰ ਦੇ ਪੱਖ ਵਿੱਚ ਵੋਟ ਕਰੇਗੀ। ਮੁੱਖ ਮੰਤਰੀ ਪਲਾਨੀਸਾਮੀ ਨੇ ਇਸ ਦਾ ਐਲਾਨ ਕੀਤਾ ਹੈ। ਮੋਦੀ ਸਰਾਕਰ ਨੂੰ ਸਮਰਥਨ ਦਾ ਵੱਡਾ ਕਾਰਨ ਟੀਡੀਪੀ ਨਾਲ ਨਾਰਾਜ਼ਗੀ ਹੈ। ਟੀਡੀਪੀ ਨੇ ਕਾਵੇਰੀ ਨਦੀ ਦੇ ਪਾਣੀ ਦੀ ਵੰਡ 'ਤੇ ਏਆਈਡੀਐਮਕੇ ਦਾ ਸਾਥ ਨਹੀਂ ਸੀ ਦਿੱਤਾ।

TMC- ਪੱਛਮੀ ਬੰਗਾਲ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਦਾ ਬੇਵਸਾਹੀ ਮਤੇ 'ਤੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ, ਪਰ ਕਿਆਸ ਲਾਏ ਜਾ ਰਹੇ ਹਨ ਕਿ ਤ੍ਰਿਣਮੂਲ ਕਾਂਗਰਸ ਵਿਰੋਧੀਆਂ ਦੇ ਪੱਖ ਵਿੱਚ ਹੀ ਭੁਗਤੇਗੀ।

SHIVSENA- ਸ਼ਿਵ ਸੈਨਾ ਨੇ ਬੇਵਸਾਹੀ ਮਤੇ 'ਤੇ ਮੋਦੀ ਸਰਕਾਰ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ। ਸ਼ਿਵ ਸੈਨਾ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕਰ ਸਦਨ 'ਚ ਹਾਜ਼ਰ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਸੂਤਰਾਂ ਮੁਤਾਬਕ, ਮਹਾਰਾਸ਼ਟਰ ਵਿੱਚ ਬੀਜੇਪੀ ਦੀ ਸਹਿਯੋਗੀ ਪਾਰਟੀ ਸ਼ਿਵ ਸੈਨਾ ਭਲਕ ਬੇਵਸਾਹੀ ਮਤੇ 'ਤੇ ਵੋਟਿੰਗ ਦਾ ਬਾਈਕਾਟ ਵੀ ਕਰ ਸਕਦੀ ਹੈ।

BJD- ਬੀਜੂ ਜਨਤਾ ਦਲ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਵ੍ਹਿੱਪ ਜਾਰੀ ਕਰਦਿਆਂ ਬੇਭਰੋਸਗੀ ਮਤੇ ਦੌਰਾਨ ਸੰਸਦ ਵਿੱਚ ਜਾਰੀ ਰਹਿਣ ਨੂੰ ਕਿਹਾ ਹੈ। ਹਾਲਾਂਕਿ, ਬੀਜੇਡੀ ਨੇ ਹਾਲੇ ਸਾਫ ਨਹੀਂ ਕੀਤਾ ਹੈ ਕਿ ਉਹ ਕਿਸ ਦਾ ਸਾਥ ਦੇਵੇਗੀ, ਪਾਰਟੀ ਫਲੋਰ 'ਤੇ ਹੀ ਤੈਅ ਕਰੇਗੀ ਕਿ ਕੀ ਕਰਨਾ ਹੈ।

ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਦਾ ਲੋਕ ਸਭਾ ਵਿੱਚ ਕੋਈ ਸੰਸਦ ਮੈਂਬਰ ਨਹੀਂ ਹੈ। ਉੱਥੇ ਹੀ ਸਮਾਜਵਾਦੀ ਪਾਰਟੀ ਵਿਰੋਧੀ ਧਿਰ ਦਾ ਸਾਥ ਦੇ ਸਕਦੀ ਹੈ। ਜਦਕਿ, ਮੋਦੀ ਸਰਕਾਰ ਦਾ ਵਿਰੋਧ ਕਰਨ ਵਾਲੇ ਸੰਸਦ ਮੈਂਬਰ ਸ਼ੱਤਰੂਘਣ ਸਿਨਹਾ ਨੇ ਵੀ ਭਲਕੇ ਮੋਦੀ ਸਰਕਾਰ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਬੀਜੇਪੀ ਲਈ ਜਾਨ ਵੀ ਦੇ ਸਕਦੇ ਹਨ।