ਚੰਡੀਗੜ੍ਹ: ਹਾਈਕੋਰਟ ਤੋਂ ਵਿਸ਼ੇਸ਼ ਜ਼ਮਾਨਤਾਂ ਲੈਣ ਵਿੱਚ ਕਾਮਯਾਬ ਹੋਏ ਨਸ਼ਾ ਤਸਕਰੀ ਦੇ 19 ਮਾਮਲਿਆਂ 'ਤੇ ਸੁਪਰੀਮ ਕੋਰਟ ਨੇ ਰੋਕ ਲਾ ਦਿੱਤੀ ਹੈ। ਇਸ ਤੋਂ ਬਾਅਦ ਕੈਪਟਨ ਸਰਕਾਰ ਇਨ੍ਹਾਂ ਮਾਮਲਿਆਂ ਦੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਮੇਤ ਉਨ੍ਹਾਂ ਵਿਰੁੱਧ ਕਾਰਵਾਈ ਮੁੜ ਤੋਂ ਵਿੱਢ ਸਕਦੀ ਹੈ।


ਸੁਪਰੀਮ ਕੋਰਟ ਵਿੱਚ ਜਸਟਿਸ ਆਰਵੀ ਰਮਨ ਦੀ ਅਗਵਾਈ ਵਾਲੇ ਬੈਂਚ ਨੇ ਨੋਟਿਸ ਜਾਰੀ ਕਰਦਿਆਂ ਸਾਰੇ ਮਾਮਲਿਆਂ 'ਤੇ ਰੋਕ ਲਾ ਦਿੱਤੀ ਹੈ। ਇਸ ਤਰ੍ਹਾਂ ਸਾਰੇ ਮੁਲਜ਼ਮਾਂ ਦੀਆਂ ਜ਼ਮਾਨਤਾਂ ਰੱਦ ਹੋ ਗਈਆਂ ਹਨ।

ਪੰਜਾਬ ਸਰਕਾਰ ਨੇ ਹਾਈਕੋਰਟ ਵੱਲੋਂ ਜਾਰੀ 19 ਵਿਸੇਸ਼ ਛੁੱਟੀ ਪਟੀਸ਼ਨਾਂ ਵਿਰੁੱਧ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਸੀ। ਬੁੱਧਵਾਰ ਨੂੰ ਦੇਸ਼ ਦੀ ਸਿਖਰਲੀ ਅਦਾਲਤ ਨੇ ਰੋਕ ਲਾ ਦਿੱਤੀ ਹੈ। ਹਾਲਾਂਕਿ, ਹਾਈਕੋਰਟ ਨੇ ਨਸ਼ੇ ਦੇ ਮਾਮਲਿਆਂ ਦੇ ਉਨ੍ਹਾਂ ਮੁਲਜ਼ਮਾਂ ਨੂੰ ਕਾਨੂੰਨੀ ਆਧਾਰ 'ਤੇ ਰਾਹਤ ਦਿੱਤੀ ਸੀ ਜਿਨ੍ਹਾਂ ਦੀ ਸੁਣਵਾਈ ਡਰੱਗਸ ਐਂਡ ਕੌਸਮੈਟਿਕ ਐਕਟਸ ਤਹਿਤ ਹੋ ਰਹੀ ਹੋਵੇ ਨਾ ਕਿ ਐਨਡੀਪੀਐਸ ਐਕਟ ਤਹਿਤ।