ਹਿਊਸਟਨ: ਭਾਰਤੀ ਮੂਲ ਦੇ ਵਪਾਰੀ ਦੇ ਕਤਲ ਮਾਮਲੇ ਵਿੱਚ 14 ਸਾਲਾਂ ਬਾਅਦ ਮੌਤ ਦੀ ਸਜ਼ਾ ਦੇ ਦਿੱਤੀ ਗਈ ਹੈ। ਸਾਲ 2004 ਵਿੱਚ ਅਮਰੀਕਾ ਦੇ ਸੂਬੇ ਟੈਕਸਸ ਅੰਦਰ ਭਾਰਤੀ ਮੂਲ ਦੇ ਕਾਰੋਬਾਰੀ ਹਸਮੁਖ ਪਟੇਲ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ 34 ਸਾਲ ਦੇ ਇਕ ਵਿਅਕਤੀ ਦੀ ਮੌਤ ਦੀ ਸਜ਼ਾ 'ਤੇ ਅਮਲ ਕਰਦਿਆਂ ਉਸ ਨੂੰ ਜ਼ਹਿਰ ਦਾ ਟੀਕਾ ਲਗਾ ਕੇ ਮੌਤ ਦੀ ਨੀਂਦ ਸੁਆ ਦਿੱਤਾ ਗਿਆ।


ਹਾਲਾਂਕਿ, ਪਟੇਲ ਦੇ ਪੁੱਤਰ ਨੇ ਦੋਸ਼ੀ ਦੀ ਰਹਿਮ ਦੀ ਪਟੀਸ਼ਨ ਦਾ ਸਮਰਥਨ ਕੀਤਾ ਸੀ। 34 ਸਾਲਾ ਕ੍ਰਿਸਟੋਫਰ ਯੰਗ ਉਸ ਗਿਰੋਹ ਦਾ ਮੈਂਬਰ ਸੀ, ਜਿਸ ਦਾ ਟੈਕਸਸ ਨੇ ਸੇਂਟ ਐਂਟੋਨੀਓ ਵਿੱਚ 14 ਸਾਲ ਪਹਿਲਾਂ ਲੁੱਟ-ਮਾਰ ਦੀ ਕੋਸ਼ਿਸ਼ ਕਰਦਿਆਂ ਹਸਮੁਖ ਉਰਫ਼ ਹਸ ਪਟੇਲ 'ਤੇ ਗੋਲ਼ੀ ਚਲਾਈ ਸੀ। ਮੀਡੀਆ ਮੁਤਾਬਕ ਗੋਲੀ ਲੱਗਣ ਕਾਰਨ ਪਟੇਲ ਦੀ ਮੌਤ ਹੋ ਗਈ ਸੀ।

ਯੰਗ ਨੂੰ ਬੀਤੇ ਦਿਨ ਮੌਤ ਦੀ ਸਜ਼ਾ ਦਿੱਤੀ ਗਈ। ਕੁਝ ਦਿਨ ਪਹਿਲਾਂ ਉਸ ਦੀ ਰਹਿਮ ਦੀ ਪਟੀਸ਼ਨ ਟੈਕਸਸ ਬੋਰਡ ਆਫ ਪਾਰਡਨ ਐਂਡ ਪੈਰੋਲ ਨੇ ਰੱਦ ਕਰ ਦਿੱਤੀ ਸੀ। ਟੈਕਸਸ ਟ੍ਰਿਬਿਊਨ ਮੁਤਾਬਕ ਪਿਛਲੇ ਮਹੀਨੇ ਯੰਗ ਦੀ ਰਿਸ਼ਤੇਦਾਰ ਤੇ ਵਕੀਲਾਂ ਨੇ ਉਸ ਲਈ ਰਹਿਮ ਦੀ ਮੰਗ ਕੀਤੀ ਸੀ। ਇਸ ਲਈ ਇਕ ਮੁਹਿੰਮ ਵੀ ਵਿੱਢੀ ਗਈ ਸੀ। ਪਟੇਲ ਦੇ ਪੁੱਤ 36 ਸਾਲ ਦੇ ਮਿਤੇਸ਼ ਨੇ ਵੀ ਇਸ ਮੁਹਿੰਮ ਦਾ ਸਮਰਥਨ ਕੀਤਾ ਸੀ।