ਵਾਸ਼ਿੰਗਟਨ: ਦੋ ਛੋਟੇ ਜਹਾਜ਼ਾਂ ਦੇ ਹਵਾ ਵਿੱਚ ਟਕਰਾਅ ਜਾਣ ਕਾਰਨ ਭਾਰਤੀ ਮੂਲ ਦੀ ਅੱਲ੍ਹੜ ਮੁਟਿਆਰ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਗਈ ਹੈ। ਘਟਨਾ ਬੀਤੇ ਮੰਗਲਵਾਰ ਨੂੰ ਅਮਰੀਕਾ ਦੇ ਫਲੋਰੀਡਾ ਸੂਬੇ ਵਿੱਚ ਵਾਪਰੀ ਹੈ।


ਮ੍ਰਿਤਕਾਂ ਦੀ ਪਛਾਣ 19 ਸਾਲ ਦੀ ਨਿਸ਼ਾ ਸੇਜਵਾਲ, 22 ਸਾਲ ਦੇ ਜੌਰਜ ਸੈਂਸ਼ੇਜ ਤੇ ਫੈਡਰਲ ਏਵੀਏਸ਼ਨ ਪ੍ਰਸ਼ਾਸਕ ਰੈਲਫ ਨਾਈਟ (72) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਉਹ ਉਨ੍ਹਾਂ ਨਾਲ ਸਵਾਰ ਚੌਥੇ ਮੁਸਾਫਰ ਤੇ ਉਨ੍ਹਾਂ ਦੀਆਂ ਵਸਤਾਂ ਬਾਰੇ ਪੜਤਾਲ ਕਰ ਰਹੇ ਹਨ। ਨਿਸ਼ਾ ਨੇ ਪਿਛਲੇ ਸਾਲ ਹੀ ਇਹ ਪਾਇਲਟ ਦੀ ਸਿਖਲਾਈ ਲੈਣੀ ਸ਼ੁਰੂ ਕੀਤੀ ਸੀ।

ਜਿੱਥੇ ਜਹਾਜ਼ਾਂ ਦਾ ਮਲਬਾ ਡਿੱਗਿਆ, ਉੱਥੇ ਸਿਰਫ਼ ਏਅਰਬੋਟ ਹੀ ਪਹੁੰਚ ਸਕਦੀ ਹੈ। ਇਸ ਕਾਰਨ ਚੌਥੇ ਵਿਅਕਤੀ ਬਾਰੇ ਹਾਲੇ ਕੁਝ ਪਤਾ ਨਹੀਂ ਲੱਗ ਸਕਾ ਹੈ। ਹਵਾ ਵਿੱਚ ਟਕਰਾਉਣ ਵਾਲੇ ਇਹ ਦੋਵੇ ਜਹਾਜ਼ ਡੀਨ ਇੰਟਰਨੈਸ਼ਨਲ ਫਲਾਈਟ ਸਕੂਲ ਦੇ ਸਨ। ਮਿਆਮੀ ਡਾਡੇ ਕਾਊਂਟੀ ਦੇ ਮੇਅਰ ਕਾਰਲੋਸ ਏ. ਗਿਮਨੇਜ਼ ਨੇ ਮੀਡੀਆ ਨੂੰ ਦੱਸਿਆ ਕਿ ਸਾਲ 2007 ਤੋਂ 2017 ਦਰਮਿਆਨ ਇਸ ਉਡਾਨ ਸਕੂਲ ਦੀ ਦੋ ਦਰਜਨ ਤੋਂ ਵੱਧ ਜਹਾਜ਼ ਹਾਦਸਾਗ੍ਰਸਤ ਹੋ ਚੁੱਕੇ ਹਨ।