ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਨੇ 100 ਰੁਪਏ ਦੇ ਨਵੇਂ ਨੋਟ ਦੀ ਛਪਾਈ ਸ਼ੁਰੂ ਕਰ ਦਿੱਤੀ ਹੈ। 100 ਦੇ ਨਵੇਂ ਨੋਟ ਦੇ ਨਾਲ ਹੀ ਪੁਰਾਣੇ ਨੋਟ ਵੀ ਚੱਲਦੇ ਰਹਿਣਗੇ।


ਨਵੇਂ ਨੋਟਾਂ ਦੀ ਖਾਸੀਅਤ:
100 ਰੁਪਏ ਦੇ ਨਵੇਂ ਨੋਟ ਪਿੱਛੇ ਗੁਜਰਾਤ ਦੀ ਮਸ਼ਹੂਰ ਰਾਣੀ ਦੀ ਬਾਵੜੀ ਬਣੀ ਹੋਈ ਹੈ। ਪਹਿਲੀ ਵਾਰ ਦੇਸ਼ 'ਚ ਕਿਸੇ ਨੋਟ 'ਤੇ ਰਾਣੀ ਦੀ ਬਾਵੜੀ ਨੂੰ ਜਗ੍ਹਾ ਦਿੱਤੀ ਗਈ ਹੈ। ਗੁਜਰਾਤ ਦੀ ਬਾਵ ਜਾਂ ਬਾਵੜੀ ਵਿਸ਼ਵ ਹੈਰੀਟੇਜ ਵਿੱਚ ਸ਼ਾਮਲ ਹੈ। 100 ਰੁਪਏ ਦਾ ਨਵਾਂ ਨੋਟ ਬੈਂਗਣੀ ਜਾਂ ਲੈਵੇਂਡਰ ਰੰਗ ਦਾ ਹੋਵੇਗਾ।


ਨੋਟ ਦੇ ਸਾਹਮਣੇ ਵਾਲੇ ਪਾਸੇ ਮਹਾਤਮਾ ਗਾਂਧੀ ਦੀ ਤਸਵੀਰ ਬਣੀ ਹੋਈ ਹੈ ਤੇ ਨੋਟ 'ਤੇ ਜਿਓਮੈਟਰਿਕ ਪੈਟਰਨ ਵੀ ਬਣੇ ਹੋਏ ਹਨ। ਨੋਟ ਉੱਪਰ ਵਾਲੇ ਪਾਸੇ ਭਾਰਤੀ ਰਿਜ਼ਰਵ ਬੈਂਕ ਤੇ ਇਸ ਦੇ ਨਾਲ ਇੱਕ ਸੌ ਰੁਪਏ ਹਿੰਦੀ 'ਚ ਲਿਖਿਆ ਹੋਇਆ ਹੈ। ਮਹਾਤਮਾ ਗਾਂਧੀ ਦੀ ਤਸਵੀਰ ਦੇ ਸੱਜੇ ਪਾਸੇ ਆਰਬੀਆਈ ਦਾ ਕਥਨ ਲਿਖਿਆ ਹੋਇਆ ਹੈ।


ਦੱਸਿਆ ਜਾ ਰਿਹਾ ਹੈ ਕਿ ਅਗਸਤ ਦੇ ਅੰਤ ਤੱਕ 100 ਰੁਪਏ ਦਾ ਨਵਾਂ ਨੋਟ ਬਜ਼ਾਰ 'ਚ ਉਪਲਬਧ ਹੋਵੇਗਾ। ਇਸ ਨੋਟ ਦੀ ਖਾਸੀਅਤ ਇਹ ਹੈ ਕਿ ਇਹ ਹੋਸ਼ੰਗਾਬਾਦ ਦੇ ਸਿਕਿਓਰਟੀ ਪੇਪਰ ਮਿਲ ਦੇ ਸਵਦੇਸ਼ੀ ਪੇਪਰ ਤੇ ਸਿਆਹੀ 'ਤੇ ਛਪ ਰਿਹਾ ਹੈ। ਨਵੇਂ ਨੋਟ ਦੇ ਬਾਰੇ ਬੀਐਨਪੀ ਪ੍ਰਬੰਧਨ ਕੁਝ ਵੀ ਬੋਲ ਨਹੀਂ ਰਿਹਾ। ਇਸੇ ਪ੍ਰੈੱਸ 'ਚ ਪੰਜ ਸੌ ਅਤੇ ਦੋ ਹਜ਼ਾਰ ਰੁਪਏ ਦੇ ਨੋਟ ਵੀ ਛਾਪੇ ਗਏ ਹਨ।