Nuh Violence : ਸਰਵ ਹਿੰਦੂ ਸਮਾਜ ਵੱਲੋਂ ਸਾਵਣ ਦੇ ਆਖਰੀ ਸੋਮਵਾਰ ਨੂੰ ਕੱਢੀ ਜਾਣ ਵਾਲੀ ਜਲ ਅਭਿਸ਼ੇਕ ਯਾਤਰਾ ਹੁਣ ਨੂਹ ਨਹੀਂ ਜਾਵੇਗੀ। ਜਿਸ ਕਾਰਨ ਲੋਕਾਂ ਨੂੰ ਗੁਰੂਗ੍ਰਾਮ ਦੇ ਪ੍ਰਾਚੀਨ ਬਾਬਾ ਪ੍ਰਕਾਸ਼ ਪੁਰੀ ਮੰਦਰ 'ਚ ਜਲ ਅਭਿਸ਼ੇਕ ਕਰਨ ਲਈ ਕਿਹਾ ਗਿਆ ਹੈ। ਬ੍ਰਜਮੰਡਲ ਦੀ ਜਲ ਅਭਿਸ਼ੇਕ ਯਾਤਰਾ ਦੀ ਇਜਾਜ਼ਤ ਨੂਹ ਜ਼ਿਲ੍ਹਾ ਦੇ ਪ੍ਰਸ਼ਾਸਨ ਨੇ ਨਹੀਂ ਦਿੱਤੀ ਹੈ। ਪੁਲਿਸ ਦੇ ਡਾਇਰੈਕਟਰ ਜਨਰਲ ਨਾਲ ਮੀਟਿੰਗ ਤੋਂ ਬਾਅਦ ਕਮਿਸ਼ਨਰੇਟ ਦੀ ਪੁਲਿਸ ਨੇ ਸੁਰੱਖਿਆ ਯੋਜਨਾ ਤਿਆਰ ਕੀਤੀ ਹੈ। ਜਿਸ ਨੂੰ ਐਤਵਾਰ ਸ਼ਾਮ ਪੰਜ ਵਜੇ ਤੋਂ ਲਾਗੂ ਕਰ ਦਿੱਤਾ ਗਿਆ। ਪੁਲਿਸ ਵੱਲੋਂ ਤਿਆਰ ਕੀਤੀ ਗਈ ਯੋਜਨਾ ਅਨੁਸਾਰ ਮਾਨੇਸਰ ਅਤੇ ਦੱਖਣੀ ਜ਼ੋਨ ਵਿੱਚ ਵੱਖ-ਵੱਖ ਥਾਵਾਂ ’ਤੇ ਦਸ ਪੁਲਿਸ ਨਾਕੇ ਬਣਾਏ ਗਏ ਹਨ। ਜਿੱਥੋਂ ਨੂਹ ਵੱਲ ਜਾਣ ਵਾਲੇ ਹਰ ਵਿਅਕਤੀ 'ਤੇ ਨਜ਼ਰ ਰੱਖੀ ਜਾਵੇਗੀ।
ਦੱਸ ਦਈਏ ਕਿ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡਣ ਤੱਕ ਦੇ ਪ੍ਰਬੰਧ ਕੀਤੇ ਹਨ। ਕਮਿਸ਼ਨਰੇਟ ਪੁਲਿਸ ਨੇ ਪਹਿਲਾਂ ਹੀ ਸਾਈਬਰ ਸਿਟੀ ਦੇ ਲੋਕਾਂ ਨੂੰ ਨੂਹ ਵੱਲ ਨਾ ਜਾਣ ਦੀ ਅਪੀਲ ਕੀਤੀ ਹੈ। ਜਲ ਅਭਿਸ਼ੇਕ ਯਾਤਰਾ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ।ਪੁਲਿਸ ਵੱਲੋਂ ਕਿਸੇ ਵੀ ਬਾਹਰੀ ਵਿਅਕਤੀ ਨੂੰ ਨੂਹ ਅੰਦਰ ਦਾਖਲ ਨਾ ਹੋਣ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟਰੈਫਿਕ ਦੀ ਜ਼ਿੰਮੇਵਾਰੀ ਡੀ.ਸੀ.ਪੀ ਟਰੈਫਿਕ ਨੂੰ ਦਿੱਤੀ ਗਈ ਹੈ। ਸ਼ਹਿਰ ਦੇ ਸਾਰੇ ਧਾਰਮਿਕ ਸਥਾਨਾਂ 'ਤੇ ਲੋੜੀਂਦੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਸ਼ਰਾਰਤੀ ਅਨਸਰ ਵੱਲੋਂ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਨਾ ਬਣਾਇਆ ਜਾ ਸਕੇ। ਹਰ ਥਾਣਾ ਇੰਚਾਰਜ ਅਤੇ ਏ.ਸੀ.ਪੀ ਆਪਣੇ ਇਲਾਕੇ ਦੇ ਧਾਰਮਿਕ ਸਥਾਨਾਂ 'ਤੇ ਨਜ਼ਰ ਰੱਖਣਗੇ। ਜੇਕਰ ਕਿਸੇ ਥਾਂ 'ਤੇ ਮਾਮਲਾ ਸ਼ੱਕੀ ਜਾਪਦਾ ਹੈ ਤਾਂ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ ਹੈ।
ਇੱਥੇ ਸਵੇਰੇ 10 ਵਜੇ ਤੋਂ 11 ਵਜੇ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ। ਪੱਛਮੀ ਜ਼ੋਨ ਤੋਂ ਪੁਲਿਸ ਫੋਰਸ ਇੱਥੇ ਤਾਇਨਾਤ ਕੀਤੀ ਗਈ ਹੈ। ਬਾਜਖੇੜਾ ਅਤੇ ਰਾਜਿੰਦਰ ਪਾਰਕ ਥਾਣੇ ਦੀ ਪੁਲਿਸ ਫੋਰਸ ਉਥੇ ਮੌਜੂਦ ਰਹੇਗੀ। ਮੰਦਰ 'ਚ ਆਉਣ-ਜਾਣ ਵਾਲਿਆਂ 'ਤੇ ਵੀ ਨਜ਼ਰ ਰਹੇਗੀ।ਨੂਹ ਵਿੱਚ ਹਿੰਸਾ ਤੋਂ ਬਾਅਦ ਇਹ ਗੁਰੂਗ੍ਰਾਮ ਵਿੱਚ ਫੈਲ ਗਈ। ਅਜਿਹੀ ਸਥਿਤੀ ਵਿੱਚ ਪ੍ਰਸ਼ਾਸਨ ਵੱਲੋਂ ਇਸ ਵਾਰ ਕੋਈ ਢਿੱਲ ਨਹੀਂ ਛੱਡੀ ਜਾਵੇਗੀ। ਸੂਤਰਾਂ ਦੀ ਮੰਨੀਏ ਤਾਂ ਨੂਹ 'ਚ ਇਜਾਜ਼ਤ ਨਾ ਮਿਲਣ ਕਰਕੇ ਉੱਥੇ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਹੋਵੇਗੀ। ਇਸ ਤੋਂ ਬਾਅਦ ਵੀ ਪੁਲਿਸ ਨੇ ਪੂਰੀ ਸੁਰੱਖਿਆ ਯੋਜਨਾ ਤਿਆਰ ਕਰ ਲਈ ਹੈ।