ਗੌਤਮ ਬੁੱਧ ਨਗਰ ਦੇ ਜੇਵਰ ਵਿੱਚ ਬਣ ਰਹੇ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਤੋਂ ਕਰੀਬ 15 ਲੱਖ ਰੁਪਏ ਦੇ ਐਲੂਮੀਨੀਅਮ ਕੇਬਲ ਚੋਰੀ ਕਰ ਲਏ ਗਏ। ਇਸ ਮਾਮਲੇ ਵਿੱਚ ਪੁਲਿਸ ਨੇ ਏਅਰਪੋਰਟ ਦੇ ਨਿਰਮਾਣ ਕੰਮ 'ਚ ਤਾਇਨਾਤ ਇੱਕ ਸਾਈਟ ਇੰਜੀਨੀਅਰ ਸਮੇਤ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਹ ਖ਼ਬਰ ਸਾਹਮਣੇ ਆਉਂਦੇ ਹੀ ਹੜਕੰਪ ਮਚ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਕੇਬਲ ਚੋਰੀ ਦੇ ਇਸ ਮਾਮਲੇ ਵਿੱਚ ਏਅਰਪੋਰਟ ਦੇ ਹੋਰ ਕਰਮਚਾਰੀ ਵੀ ਸ਼ਾਮਲ ਹੋ ਸਕਦੇ ਹਨ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ ਅਤੇ ਉਮੀਦ ਹੈ ਕਿ ਹੋਰ ਵੱਡੇ ਖੁਲਾਸੇ ਵੀ ਹੋ ਸਕਦੇ ਹਨ।
ਪੁਲਿਸ ਨੇ ਸਾਈਟ ਇੰਜੀਨੀਅਰ ਕੀਤਾ ਗ੍ਰਿਫ਼ਤਾਰ
ਐਡੀਸ਼ਨਲ ਡਿਪਟੀ ਕਮਿਸ਼ਨਰ ਆਫ਼ ਪੁਲਿਸ (ADCP) ਸੁਧੀਰ ਕੁਮਾਰ ਨੇ ਦੱਸਿਆ ਕਿ ਇਕੋਟੈਕ-1 ਥਾਣੇ ਦੀ ਟੀਮ ਨੇ ਮੰਗਲਵਾਰ ਰਾਤ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਕੋਲੋਂ ਐਲੂਮੀਨੀਅਮ ਕੇਬਲ ਦੇ ਸੱਤ ਬੰਡਲ, ਫਰਜ਼ੀ ਨੰਬਰ ਪਲੇਟ ਵਾਲਾ ਇੱਕ ਕੈਂਟਰ ਤੇ ਇੱਕ ਕਾਰ ਵੀ ਬਰਾਮਦ ਕੀਤੀ ਗਈ।
ADCP ਮੁਤਾਬਕ ਗ੍ਰਿਫ਼ਤਾਰ ਸਾਈਟ ਇੰਜੀਨੀਅਰ ਸ਼ਿਵਮ ਸ਼ਰਮਾ (22) ਕੇਬਲ ਤੱਕ ਪਹੁੰਚ ਦਿਵਾਉਣ ਅਤੇ ਚੋਰੀ ਕਰਵਾਉਣ 'ਚ ਮੁੱਖ ਭੂਮਿਕਾ ਨਿਭਾ ਰਿਹਾ ਸੀ। ਬਾਕੀ ਤਿੰਨ ਆਰੋਪੀ— ਡਰਾਈਵਰ ਇਰਸ਼ਾਦ ਅਹਿਮਦ (23), ਕਾਰ ਹੈਲਪਰ ਮੁਹੰਮਦ ਸਿਰਾਜ (21) ਅਤੇ ਕਬਾੜੀ ਇਜ਼ਹਾਰ ਉਰਫ਼ ਸੋਨੂ (26)— ਚੋਰੀ ਕੀਤਾ ਸਮਾਨ ਚੁੱਕਣ ਅਤੇ ਵੇਚਣ ਵਿੱਚ ਮਦਦ ਕਰਦੇ ਸਨ।
ਕੇਬਲ ਚੋਰੀ ਕਰਕੇ ਵੇਚਦੇ ਸਨ ਆਰੋਪੀ
ਪੁਲਿਸ ਦੇ ਮੁਤਾਬਕ ਸਾਈਟ ਇੰਜੀਨੀਅਰ ਸ਼ਿਵਮ ਸ਼ਰਮਾ, ਜੋ ਕਿ ਅਲੀਗੜ੍ਹ ਦਾ ਰਹਿਣ ਵਾਲਾ ਹੈ, ਇਸ ਸਮੇਂ ਜੇਵਰ ਏਅਰਪੋਰਟ 'ਤੇ ਤਾਇਨਾਤ ਸੀ। ਬਾਕੀ ਤਿੰਨ ਆਰੋਪੀ ਸਿਧਾਰਥਨਗਰ ਜ਼ਿਲ੍ਹੇ ਦੇ ਨਿਵਾਸੀ ਹਨ ਅਤੇ ਇਹ ਤਿੰਨੇ ਕੇਬਲ ਚੁੱਕਣ, ਲਿਜਾਣ ਤੇ ਉਹਨਾਂ ਨੂੰ ਵੇਚਣ ਦਾ ਕੰਮ ਕਰਦੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਆਰੋਪੀਆਂ ਨੇ ਕਬੂਲਿਆ ਕਿ ਕੇਬਲ ਏਅਰਪੋਰਟ ਕੰਪਲੈਕਸ ਦੇ ਅੰਦਰੋਂ ਹੀ ਚੋਰੀ ਕੀਤੇ ਗਏ ਸਨ ਅਤੇ ਸਾਈਟ ‘ਤੇ ਤਾਇਨਾਤ ਕੁਝ ਹੋਰ ਕਰਮਚਾਰੀ ਵੀ ਇਸ ਗ਼ੈਰਕਾਨੂੰਨੀ ਕੰਮ ‘ਚ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਹੋਰ ਗ੍ਰਿਫ਼ਤਾਰੀਆਂ ਵੀ ਹੋ ਸਕਦੀਆਂ ਹਨ। ਜਾਂਚ ਜਾਰੀ ਹੈ ਅਤੇ ਇਸ ਤੋਂ ਬਾਅਦ ਕਾਨੂੰਨੀ ਕਾਰਵਾਈ ਅੱਗੇ ਵਧਾਈ ਜਾਵੇਗੀ।