ਨੋਇਡਾ : ਨੋਇਡਾ ਦੇ ਸੈਕਟਰ 21 ਵਿੱਚ ਇੱਕ ਨਿਰਮਾਣ ਅਧੀਨ ਕੰਧ ਡਿੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ ਵਿੱਚ ਚਾਰ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਕਈ ਮਜ਼ਦੂਰਾਂ ਦੇ ਮਲਬੇ 'ਚ ਫਸੇ ਹੋਣ ਦਾ ਖਦਸ਼ਾ ਹੈ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਮੁੱਖ ਮੰਤਰੀ ਨੇ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਜੰਗੀ ਪੱਧਰ 'ਤੇ ਕਰਨ ਦੇ ਨਿਰਦੇਸ਼ ਦਿੱਤੇ ਹਨ।


ਜਾਣਕਾਰੀ ਮੁਤਾਬਕ ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 10 ਵਜੇ ਜਲਵਾਯੂ ਵਿਹਾਰ 'ਚ ਵਾਪਰਿਆ ਹੈ। ਚਾਰਦੀਵਾਰੀ ਦੇ ਨਾਲੇ ਦੀ ਮੁਰੰਮਤ ਦੌਰਾਨ ਕਰੀਬ 200 ਮੀਟਰ ਦੀਵਾਰ ਅਚਾਨਕ ਡਿੱਗ ਗਈ। ਜਿਸ ਦੇ ਹੇਠਾਂ ਉੱਥੇ ਕੰਮ ਕਰਦੇ 12 ਮਜ਼ਦੂਰ ਦੱਬ ਗਏ। ਜਿਸ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਬਣ ਗਿਆ।

 





ਇਸ ਮੌਕੇ 'ਤੇ ਮੌਜੂਦ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ। ਪ੍ਰਸ਼ਾਸਨ ਦੇ ਨਾਲ-ਨਾਲ ਸਥਾਨਕ ਲੋਕ ਵੀ ਬਚਾਅ ਵਿਚ ਸ਼ਾਮਲ ਹੋਏ। ਨੋਇਡਾ ਦੇ ਡੀਐਮ ਸੁਹਾਸ ਐੱਲ. ਵਾਈ ਨੇ ਪੂਰੀ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਲਖਨਊ 'ਚ ਵੀ ਮੀਂਹ 'ਚ ਕੰਧ ਡਿੱਗਣ ਕਾਰਨ ਵਾਪਰਿਆ ਸੀ ਵੱਡਾ ਹਾਦਸਾ 


ਲਖਨਊ 'ਚ ਕੈਂਟ ਇਲਾਕੇ ਦੇ ਦਿਲਕੁਸ਼ਨ ਇਲਾਕੇ 'ਚ ਆਰਮੀ ਆਫਿਸਰਜ਼ ਕਾਲੋਨੀ ਗੌਰ ਐਨਕਲੇਵ ਦੀ ਕੰਧ ਤਿੰਨ ਦਿਨਾਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਡਿੱਗ ਗਈ ਸੀ। ਕੰਧ ਦੇ ਮਲਬੇ ਹੇਠ ਦੱਬ ਕੇ ਦੋ ਪਰਿਵਾਰਾਂ ਦੇ 9 ਲੋਕਾਂ ਦੀ ਮੌਤ ਹੋ ਗਈ। ਸਾਰੇ ਮਜ਼ਦੂਰੀ ਕਰਦੇ ਸੀ। ਹਾਦਸਾ ਸਵੇਰੇ 3 ਵਜੇ ਦੇ ਕਰੀਬ ਵਾਪਰਿਆ ਸੀ। ਦੋ ਘੰਟੇ ਤੱਕ ਤਿੰਨਾਂ ਟੀਮਾਂ ਨੇ ਰਾਹਤ ਕਾਰਜ ਜਾਰੀ ਰੱਖਿਆ। ਕਿਸੇ ਤਰ੍ਹਾਂ ਮਲਬਾ ਹਟਾ ਕੇ 2 ਨੂੰ ਜ਼ਿੰਦਾ ਬਾਹਰ ਕੱਢਿਆ ਗਿਆ। ਹਾਦਸੇ ਵਿੱਚ ਮਰਨ ਵਾਲੇ ਸਾਰੇ ਮੱਧ ਪ੍ਰਦੇਸ਼ ਦੇ ਝਾਂਸੀ ਅਤੇ ਟੀਕਮਗੜ੍ਹ ਦੇ ਰਹਿਣ ਵਾਲੇ ਹਨ।