North East Express Train Accident: ਬਿਹਾਰ ਦੇ ਬਕਸਰ ‘ਚ ਨਾਰਥ ਈਸਟ ਐਕਸਪ੍ਰੈਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਡਾਉਨ ਲਾਈਨ 'ਚ ਜਾ ਰਹੀ ਇਹ ਟਰੇਨ ਪਟੜੀ ਤੋਂ ਉਤਰ ਗਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਟਰੇਨ ਦੀਆਂ ਕਈ ਬੋਗੀਆਂ ਪਟੜੀ ਤੋਂ ਉਤਰ ਗਈਆਂ ਅਤੇ ਖੇਤਾਂ 'ਚ ਜਾ ਡਿੱਗੀਆਂ। ਇਹ ਹਾਦਸਾ ਬਕਸਰ ਜ਼ਿਲ੍ਹੇ ਦੇ ਰਘੁਨਾਥਪੁਰ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਕਈ ਯਾਤਰੀ ਜ਼ਖਮੀ ਹੋਏ ਹਨ।


ਇਸ ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰ ਦਿੱਤੇ ਗਏ ਹਨ। ਸਾਵਧਾਨੀ ਦੇ ਤੌਰ 'ਤੇ ਜਿੱਥੇ ਆਰਾ ਜ਼ਿਲ੍ਹਾ ਪ੍ਰਸ਼ਾਸਨ ਨੇ ਸਦਰ ਹਸਪਤਾਲ ਨੂੰ ਅਲਰਟ 'ਤੇ ਰੱਖਿਆ ਹੈ, ਉੱਥੇ ਹੀ ਐੱਸਡੀਐੱਮ ਦੀ ਅਗਵਾਈ 'ਚ ਕਈ ਐਂਬੂਲੈਂਸਾਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਗਿਆ ਹੈ। ਪਟਨਾ ਸਥਿਤ ਬਿਹਾਰ ਦੇ ਸਭ ਤੋਂ ਵੱਡੇ ਹਸਪਤਾਲ PMCH ਨੂੰ ਵੀ ਅਲਰਟ 'ਤੇ ਰੱਖਿਆ ਗਿਆ ਹੈ।


ਜਾਣਕਾਰੀ ਮੁਤਾਬਕ ਘਟਨਾ ਸਥਾਨ 'ਤੇ ਹਨੇਰਾ ਹੋਣ ਕਾਰਨ ਰਾਹਤ ਅਤੇ ਬਚਾਅ ਕਾਰਜਾਂ 'ਚ ਮੁਸ਼ਕਲਾਂ ਆ ਰਹੀਆਂ ਹਨ। ਇਸ ਦੌਰਾਨ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਕਾਰਜ ਲਗਾਤਾਰ ਜਾਰੀ ਹਨ। ਘਟਨਾ ਸਬੰਧੀ ਉੱਤਰ ਪੂਰਬ ਫਰੰਟੀਅਰ ਰੇਲਵੇ ਨੇ ਇਸ ਦੌਰਾਨ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਹ ਨੰਬਰ ਹਨ ਪਟਨਾ- 9771449971, ਦਾਨਾਪੁਰ- 8905697493, ਆਰਾ- 8306182542 ਅਤੇ ਕੰਟਰੋਲ ਰੂਮ ਦਾ ਨੰਬਰ 7759070004 ਹੈ।


ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਜਿੱਥੇ ਯਾਤਰੀਆਂ ਨੂੰ ਘਬਰਾਹਟ ਵਿੱਚ ਦੇਖਿਆ ਜਾ ਸਕਦਾ ਹੈ। ਪੂਰਬੀ ਮੱਧ ਰੇਲਵੇ ਦੇ ਮੁੱਖ ਲੋਕ ਸੰਪਰਕ ਅਧਿਕਾਰੀ ਬੀਰੇਂਦਰ ਕੁਮਾਰ ਨੇ ਦੱਸਿਆ ਕਿ ਦਿੱਲੀ ਦੇ ਆਨੰਦ ਵਿਹਾਰ ਸਟੇਸ਼ਨ ਤੋਂ ਅਸਮ ਦੇ ਕਾਮਾਖਿਆ ਜਾ ਰਹੀ ਉੱਤਰ ਪੂਰਬੀ ਐਕਸਪ੍ਰੈਸ ਦੇ ਕਈ ਡੱਬੇ ਬਕਸਰ ਜ਼ਿਲ੍ਹੇ ਦੇ ਰਘੁਨਾਥਪੁਰ ਸਟੇਸ਼ਨ ਨੇੜੇ ਰਾਤ ਕਰੀਬ 9.35 ਵਜੇ ਪਟੜੀ ਤੋਂ ਉਤਰ ਗਏ।


ਰੇਲਵੇ ਪੁਲਸ ਫੋਰਸ ਦੇ ਇੰਸਪੈਕਟਰ ਦੀਪਕ ਕੁਮਾਰ ਨੇ ਦੱਸਿਆ ਕਿ ਮੈਡੀਕਲ ਟੀਮਾਂ ਮੌਕੇ 'ਤੇ ਮੌਜੂਦ ਹਨ। ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬਕਸਰ ਸ਼ਹਿਰ ਦੇ ਹਸਪਤਾਲਾਂ ਨੂੰ ਵੀ ਅਲਰਟ ਕਰ ਦਿੱਤਾ ਹੈ।


ਇਹ ਵੀ ਪੜ੍ਹੋ: Israel-Hamas War: ਕੀ ਦਿੱਲੀ ਤੋਂ ਚੋਰੀ ਕਰਕੇ ਹਮਾਸ ਨੂੰ ਭੇਜੀ ਗਈ ਸੀ ਕ੍ਰਿਪਟੋਕਰੰਸੀ? ਦਿੱਲੀ ਪੁਲਿਸ ਦਾ ਵੱਡਾ ਖੁਲਾਸਾ


ਹਾਦਸੇ ਬਾਰੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਜਿਵੇਂ ਹੀ ਰੇਲਗੱਡੀ ਦੇ ਪਟੜੀ ਤੋਂ ਉਤਰਨ ਦੀ ਸੂਚਨਾ ਮਿਲੀ, ਉਨ੍ਹਾਂ ਨੇ ਸਬੰਧਤ ਜ਼ਿਲ੍ਹਾ ਮੈਜਿਸਟ੍ਰੇਟ ਅਤੇ ਪੁਲਿਸ ਸੁਪਰਡੈਂਟ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਸਰਕਾਰ ਪੀੜਤਾਂ ਅਤੇ ਜ਼ਖ਼ਮੀਆਂ ਦੇ ਬਚਾਅ, ਰਾਹਤ ਅਤੇ ਇਲਾਜ ਵਿੱਚ ਸਰਗਰਮੀ ਨਾਲ ਲੱਗੀ ਹੋਈ ਹੈ।


ਇਹ ਵੀ ਪੜ੍ਹੋ: Operation Ajay: ਇਜ਼ਰਾਈਲ ਤੋਂ ਭਾਰਤੀਆਂ ਦੀ ਵਾਪਸੀ ਲਈ ਸਰਕਾਰ ਨੇ ਆਪਰੇਸ਼ਨ ਅਜੇ ਕੀਤਾ ਸ਼ੁਰੂ