ਨਵੀਂ ਦਿੱਲੀ: ਦਿੱਲੀ 'ਚ ਆਖਰਕਾਰ ਮਾਨਸੂਨ ਨੇ ਦਸਤਕ ਦੇ ਦਿੱਤੀ। ਇਸ ਦੇ ਨਾਲ ਹੀ ਦੇਸ਼ ਦੇ ਕਈ ਸੂਬਿਆਂ 'ਚ ਮਾਨਸੂਨ ਇੱਕ ਵਾਰ ਫਿਰ ਸਰਗਰਮ ਹੋ ਗਿਆ ਹੈ। ਉੱਤਰ ਭਾਰਤ 'ਚ ਭਾਰੀ ਬਾਰਸ਼ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਹਿਮਾਚਲ ਪ੍ਰਦੇਸ਼ 'ਚ ਬੱਦਲ ਫਟਣ ਦੀ ਖ਼ਬਰ ਮਿਲੀ ਤਾਂ ਉੱਤਰਾਖੰਡ 'ਚ ਲੈਂਡਸਲਾਈਡ ਹੋ ਰਹੇ ਹਨ।


ਲੰਬੇ ਸਮੇਂ ਤੋਂ ਮਾਨਸੂਨ ਦੀ ਉਡੀਕ ਕਰ ਰਹੇ ਦਿੱਲੀ ਵਾਸੀਆਂ ਨੇ ਅੱਜ ਠੰਢ ਮਹਿਸੂਸ ਕੀਤੀ। ਸਵੇਰ ਤੋਂ ਹੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ 'ਚ ਬੱਦਲ ਛਾਏ ਹੋਏ ਹਨ। ਇਸ ਦੇ ਨਾਲ ਹੀ ਕਈ ਇਲਾਕਿਆਂ 'ਚ ਹਲਕੀ ਤੋਂ ਦਰਮਿਆਨੀ ਬਾਰਸ਼ ਵੀ ਹੋ ਰਹੀ ਹੈ। ਉੱਥੇ ਹੀ ਮੁੰਬਈ ਦੇ ਕਈ ਇਲਾਕਿਆਂ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।


ਦੇਸ਼ ਦੇ ਇਨ੍ਹਾਂ ਸੂਬਿਆਂ 'ਚ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ


ਮੌਸਮ ਵਿਭਾਗ ਨੇ ਗੋਆ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਤੇ ਮੇਘਾਲਿਆ 'ਚ ਅੱਜ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਮਹਾਰਾਸ਼ਟਰ ਸਮੇਤ ਵਿਦਰਭ, ਛੱਤੀਸਗੜ੍ਹ, ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ ਅਤੇ ਕਈ ਹੋਰ ਸੂਬਿਆਂ 'ਚ ਬਾਰਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।


ਇਸ ਦੇ ਨਾਲ ਹੀ ਭਾਰਤ ਮੌਸਮ ਵਿਭਾਗ ਨੇ ਰਾਜਸਥਾਨ, ਜੰਮੂ ਅਤੇ ਕਸ਼ਮੀਰ 'ਚ ਓਰੈਂਜ ਅਲਰਟ ਜਾਰੀ ਕੀਤਾ ਹੈ ਅਤੇ ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਉੱਤਰ ਪ੍ਰਦੇਸ਼ 'ਚ ਯਾਲੋ ਅਲਰਟ ਜਾਰੀ ਕੀਤਾ ਹੈ ਅਤੇ ਭਾਰੀ ਬਾਰਸ਼ ਦੀ ਚਿਤਾਵਨੀ ਦਿੱਤੀ ਹੈ। ਮੌਸਮ ਵਿਭਾਗ ਦੇ ਅਨੁਸਾਰ ਕੋਂਕਣ, ਗੋਆ ਤੇ ਮੱਧ ਮਹਾਰਾਸ਼ਟਰ ਲਈ ਓਰੈਂਜ ਅਲਰਟ ਤੇ ਗੁਜਰਾਤ, ਕਰਨਾਟਕ, ਮਹਾਰਾਸ਼ਟਰ ਤੇ ਅਸਾਮ ਦੇ ਕੁਝ ਹਿੱਸਿਆਂ ਲਈ ਰੈੱਡ ਅਲਰਟ ਜਾਰੀ ਹੈ।


ਆਈਐਮਡੀ ਦੇਸ਼ ਦੇ ਬਾਕੀ ਹਿੱਸਿਆਂ 'ਚ ਮਾਨਸੂਨ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ। ਇੰਡੀਆ ਮੌਸਮ ਵਿਭਾਗ ਦੇ ਅਨੁਸਾਰ ਇਨ੍ਹਾਂ ਹਾਲਤਾਂ ਦੇ ਪ੍ਰਭਾਵ ਹੇਠ ਅਗਲੇ ਦੋ ਦਿਨਾਂ ਦੌਰਾਨ ਉੱਤਰ ਪੱਛਮੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਬਹੁਤ ਭਾਰੀ ਬਾਰਸ਼ ਪੈਣ ਦੀ ਸੰਭਾਵਨਾ ਹੈ।


ਮੌਸਮ ਵਿਭਾਗ ਨੇ ਅਗਲੇ 5 ਦਿਨਾਂ ਦੌਰਾਨ ਉਤਰਾਖੰਡ ਅਤੇ ਅਗਲੇ 4 ਦਿਨਾਂ ਦੌਰਾਨ ਰਾਜਸਥਾਨ 'ਚ ਭਾਰੀ ਬਾਰਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਜੰਮੂ, ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਤੇ ਮੁਜ਼ੱਫਰਾਬਾਦ ਅਤੇ ਰਾਜਸਥਾਨ 'ਚ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਪੰਜਾਬ 'ਚ 12 ਤਰੀਕ ਨੂੰ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਸੀ।


ਭਾਰਤ ਮੌਸਮ ਵਿਭਾਗ ਦੇ ਅਨੁਸਾਰ ਇਕ ਘੱਟ ਦਬਾਅ ਵਾਲਾ ਖੇਤਰ ਪੱਛਮੀ-ਮੱਧ ਅਤੇ ਉੱਤਰ-ਆਂਧਰਾ ਪ੍ਰਦੇਸ਼ ਦੇ ਦੱਖਣ-ਪੂਰਬੀ ਤੱਟ ਦੇ ਨਾਲ ਲੱਗਦੇ ਉੱਤਰ-ਪੱਛਮੀ ਖੇਤਰ 'ਚ ਸਥਿੱਤ ਹੈ। ਇਕ ਹੋਰ ਘੱਟ ਦਬਾਅ ਵਾਲਾ ਖੇਤਰ ਦੱਖਣੀ ਗੁਜਰਾਤ ਅਤੇ ਇਸ ਦੇ ਨਾਲ ਲੱਗਦੇ ਉੱਤਰ-ਪੂਰਬੀ ਅਰਬ ਸਾਗਰ 'ਚ ਬਣਿਆ ਹੈ, ਜਿਸ ਕਾਰਨ ਇਨ੍ਹਾਂ ਸੂਬਿਆਂ 'ਚ ਬਾਰਸ਼ ਸੰਭਵ ਹੋ ਰਹੀ ਹੈ।