ਗੁਹਾਟੀ: ਪੂਰਬ-ਉੱਤਰ ਵਿੱਚ ਆਏ ਹੜ੍ਹ ਨਾਲ ਸ਼ਨੀਵਾਰ ਤੋਂ ਐਤਵਾਰ ਵਿੱਚ 6 ਹੋਰ ਜਣਿਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਅਸਾਮ ਵਿੱਚ 5 ਤੇ ਮਣੀਪੁਰ ਵਿੱਚ ਇੱਕ ਜਣੇ ਦੀ ਮੌਤ ਹੋਈ। ਇਲਾਕੇ ਵਿੱਚ ਹੁਣ ਤਕ ਹੜ੍ਹ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ 23 ਹੋ ਗਈ ਹੈ।

 

ਅਸਾਮ ਵਿੱਚ ਸਥਿਤੀ ਹੋਰ ਖ਼ਰਾਬ ਹੋ ਗਈ ਹੈ ਜਿੱਥੇ 6 ਜ਼ਿਲ੍ਹਿਆਂ ਵਿੱਚ 4.5 ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ। ਹਾਲਾਂਕਿ ਪੂਰਬ-ਉੱਤਰ ਦੇ ਬਾਕੀ ਸੂਬਿਆਂ ਵਿੱਚ ਐਤਵਾਰ ਨੂੰ ਹਾਲਾਤ ਵਿੱਚ ਕੁਝ ਸੁਧਾਰ ਆਇਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਸੋਮਵਾਰ ਨੂੰ ਪੱਛਮੀ ਉੱਤਰ ਪ੍ਰਦੇਸ਼ ਵੱਖ-ਵੱਖ ਹਿੱਸਿਆਂ, ਉਤਰਾਖੰਡ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਤੂਫਾਨ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ।

 

ਅਸਾਮ ਦੇ ਜੋਰਹਟ ਵਿੱਟ ਨਿਮਾਤੀਘਾਟ ’ਤੇ ਬ੍ਰਹਮਪੁਤਰ ਤੇ ਕਾਛਰ ਜ਼ਿਲ੍ਹੇ ਦੇ ਏਪੀ ਘਾਟ ਅਤੇ ਕਰੀਮਗੰਜ ਵਿੱਚ ਬਦਰਪੁਰਘਾਟ ’ਤੇ ਬਰਾਕ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ।

ਉਨ੍ਹਾਂ ਤੋਂ ਇਲਾਵਾ ਧਨਸਿਰੀ, ਜਿਆ ਭਰੀਲੀ, ਕੋਪਲੀ, ਕਾਟਾਖਾਲ ਤੇ ਕੁਸ਼ਿਆਰਾ ਵੀ ਇੱਕ ਤੋਂ ਦੋ ਥਾਈਂ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਹਨ। ਅਸਾਮ ਦੁਰਘਟਨਾ ਪ੍ਰਬੰਧਨ ਅਥਾਰਟੀ (ਏਐਸਡੀਐੱਮਏ) ਮੁਤਾਬਕ ਹੜ੍ਹ ਨਾਲ ਸਬੰਧਿਤ ਘਟਨਾਵਾਂ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 12 ਤੋਂ ਵਧ ਗਈ ਹੈ। ਪ੍ਰਭਾਵਿਤ ਜ਼ਿਲਿਆਂ ਵਿੱਚ ਹੋਜਾਈ, ਪੱਛਮੀ ਕਾਰਬੀ ਅੰਗਲੋਂਗ, ਗੋਲਾਘਾਟ, ਕਰੀਮਗੰਜ, ਹੈਲਾਕਾਂਡੀ ਤੇ ਕਾਛਰ ਸ਼ਾਮਲ ਹਨ। ਹੈਲਾਕਾਂਡੀ ਵਿੱਚ 1.93 ਲੋਕ ਪ੍ਰਭਾਵਿਤ ਹੋਏ ਹਨ।

 

ਇਸ ਤੋਂ ਇਲਾਵਾ ਮਣੀਪੁਰ ਵਿੱਚ ਵੀ ਦੋ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਇੱਥੇ ਹੜ੍ਹ ਕਾਰਨ ਕਰੀਬ 400 ਪਸ਼ੂਆਂ ਦੇ ਮਾਰੇ ਜਾਣ ਦਾ ਵੀ ਅਨੁਮਾਨ ਹੈ। 3 ਹਜ਼ਾਰ 947 ਹੈਕਟੇਅਰ ਵਿੱਚ ਲੱਗੀ ਕਣਕ ਦੀ ਫ਼ਸਲ ਵੀ ਤਬਾਹ ਹੋ ਗਈ ਹੈ।

 

ਤ੍ਰਿਪੁਰਾ ਵਿੱਚ ਸਾਰੀਆਂ ਵੱਡੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਘਟਿਆ ਹੈ। ਹਾਲਾਂਕਿ ਕੈਲਾਸ਼ਨਗਰ ਸਬ ਡਿਵੀਜ਼ਨ ਦੇ ਕਈ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ। ਇੱਥੇ 3 ਹਜ਼ਾਰ ਤੋਂ ਵੀ ਵੱਧ ਕਿਸਾਨ ਫ਼ਸਲਾਂ ਦੇ ਨੁਕਸਾਨ ਲਈ ਚਿੰਤਾ ਵਿੱਚ ਹਨ। ਸੂਬੇ ਦੇ ਪ੍ਰਭਾਵਿਤ 32 ਹਜ਼ਾਰ ਲੋਕਾਂ ਨੂੰ 173 ਰਾਹਤ ਘਰਾਂ ਵਿੱਚ ਪਨਾਹ ਦਿੱਤੀ ਗਈ ਹੈ।