ਨਵੀਂ ਦਿੱਲੀ: ਨਵੀਂ ਦਿੱਲੀ: ‘ਇੱਕ ਰੈਂਕ, ਇੱਕ ਪੈਨਸ਼ਨ’ ਦੀ ਮੰਗ ਪੂਰੀ ਨਾ ਹੋਣ ਕਰਕੇ ਹਰਿਆਣਾ ਦੇ 70 ਸਾਲਾ ਸਾਬਕਾ ਸੂਬੇਦਾਰ ਰਾਮ ਕਿਸ਼ਨ ਗਰੇਵਾਲ ਦੀ ਖੁਦਕੁਸ਼ੀ 'ਤੇ ਸਿਆਸਤ ਗਰਮਾ ਗਈ ਹੈ। ਰਾਮ ਮਨੋਹਰ ਲੋਹੀਆ ਹਸਪਤਾਲ ਪਹੁੰਚੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ।


ਪੁਲਿਸ ਨੇ ਉਨ੍ਹਾਂ ਨੂੰ ਹਸਪਤਾਲ ਅੰਦਰ ਨਾ ਜਾਣ ਦਿੱਤਾ ਤੇ ਗ੍ਰਿਫਤਾਰ ਕਰਕੇ ਥਾਣੇ ਲੈ ਗਈ। ਰਾਹੁਲ ਦੀ ਪੁਲਿਸ ਨਾਲ ਤਿੱਖੀ ਬਹਿਸ ਹੋਈ। ਰਾਹੁਲ ਨੇ ਪੁਲਿਸ ਨੂੰ ਝਾੜ ਪਾਉਂਦਿਆਂ ਕਿਹਾ ਕਿ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰਦਿਆਂ ਤੁਹਾਨੂੰ ਸ਼ਰਮ ਨਹੀਂ ਆਉਂਦੀ। ਬਾਅਦ ਵਿੱਚ ਰਾਹੁਲ ਨੂੰ ਰਿਹਾਅ ਕਰ ਦਿੱਤਾ ਗਿਆ।

ਕਾਬਲੇਗੌਰ ਹੈ ਕਿ ਪਿੰਡ ਬਾਮਲਾ ਦੇ ਗਰੇਵਾਲ ਨੇ ਘੱਟ ਪੈਨਸ਼ਨ ਕਰਕੇ ਮੰਗਲਵਾਰ ਨੂੰ ਦਿੱਲੀ ਦੇ ਜੰਤਰ ਮੰਤਰ ‘ਤੇ ਖੁਦਕੁਸ਼ੀ ਕਰ ਲਈ ਸੀ। ਖੁਦਕੁਸ਼ੀ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਮੋਦੀ ਸਰਕਾਰ ਨੂੰ ਘੇਰਿਆ। ਦਿੱਲੀ ਵਿੱਚ ਅੱਜ ਖੂਬ ਹੰਗਾਮਾ ਹੋਇਆ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸ਼ਿਸੋਦੀਆ ਤੇ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਸੈਨਿਕ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਪਰ ਉਨ੍ਹਾਂ ਮਿਲਣ ਨਾ ਦਿੱਤਾ ਗਿਆ।

ਸਿਸੋਦੀਆ ਦੇ ਰਾਮ ਮਨੋਹਰ ਹਸਪਤਾਲ ਵਿੱਚ ਪਹੁੰਚਣ ਮੌਕੇ ਝੜਪ ਵੀ ਹੋ ਗਈ। ਪੁਲਿਸ ਨੇ ਕੁਝ ਸਮੇਂ ਲਈ ਸਿਸੋਦੀਆ ਨੂੰ ਹਿਰਾਸਤ ਵਿੱਛ ਵੀ ਲਿਆ ਗਿਆ। ਉਧਰ, ਰਾਹੁਲ ਗਾਂਧੀ ਜਦੋਂ ਪਰਿਵਾਰ ਨੂੰ ਮਿਲਣ ਗਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਨਹੀਂ ਜਾਣ ਦਿੱਤਾ। ਰਾਹੁਲ ਕਾਫੀ ਸਮਾਂ ਬਾਹਰ ਖੜ੍ਹੇ ਹੋ ਕੇ ਫੋਨ ਕਰਦੇ ਰਹੇ।

ਉਧਰ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਕ ਸਾਬਕਾ ਫੌਜੀ ਦੀ ਖੁਦਕੁਸ਼ੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮੋਦੀ ਦੀ ਰਾਜ ਵਿੱਚ ਕਿਸਾਨ ਤੇ ਜਵਾਨ ਖੁਦਕੁਸ਼ੀ ਕਰ ਰਹੇ ਹਨ।

ਕੇਜਰੀਵਾਲ ਨੇ ਟਵਿੱਟਰ ‘ਤੇ ਲਿਖਿਆ ਹੈ, “ਮੋਦੀ ‘ਇੱਕ ਰੈਂਕ, ਇੱਕ ਪੈਨਸ਼ਨ’ ਯੋਜਨਾ ਦੇ ਮੁੱਦੇ ‘ਤੇ ਝੂਠ ਬੋਲ ਰਹੇ ਹਨ ਕਿ ਯੋਜਨਾ ਲਾਗੂ ਕੀਤੀ ਗਈ ਹੈ।” ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਯੋਜਨਾ ਲਾਗੂ ਕਰ ਰਹੀ ਹੁੰਦੀ ਤਾਂ ਸਾਬਕਾ ਫੌਜੀ ਰਾਮ ਕਿਸ਼ਨ ਗਰੇਵਾਲ ਨੇ ਖੁਦਕੁਸ਼ੀ ਨਾ ਕੀਤੀ ਹੁੰਦੀ।