ਨੋਟਬੰਦੀ: ਸਰਕਾਰ ਦੇ ਨਵੇਂ ਨਿਯਮ ਨੇ ਪਾਈ ਭਾਜੜ
ਏਬੀਪੀ ਸਾਂਝਾ | 30 Nov 2016 09:35 AM (IST)
ਨਵੀਂ ਦਿੱਲੀ: ਨੋਟਬੰਦੀ ਦਾ ਅੱਜ 22ਵਾਂ ਦਿਨ ਹੈ। ਪਰ ਲੋਕਾਂ ਦੀਆਂ ਮੁਸ਼ਕਲਾਂ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਲੋਕ ਪੈਸੇ ਜਮਾਂ ਕਰਵਾਉਣ ਤੇ ਕਢਵਾਉਣ ਲਈ ਬੈਂਕਾਂ 'ਚ ਲੰਬੀਆਂ ਲਾਈਨਾਂ ਲਗਾ ਕੇ ਖੜੇ ਹਨ। ਪਰ ਇਸੇ ਦੌਰਾਨ ਹੀ ਕਾਲਾ ਧਨ ਜਮਾਂ ਸਫੇਦ ਕਰਵਾਉਣ ਵਾਲੇ ਵੀ ਸਰਗਰਮ ਹਨ। ਸਰਕਾਰ ਵੱਲੋਂ ਖੋਲ੍ਹੇ ਗਏ ਜ਼ੀਰੋ ਬੈਲੇਂਸ ਵਾਲੇ ਜਨ-ਧਨ ਖਾਤਿਆਂ 'ਚ 65000 ਕਰੋੜ ਰੁਪਿਆ ਜਮਾਂ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੈਸਾ ਕਾਲਾ ਧਨ ਰੱਖਣ ਵਾਲਿਆਂ ਨੇ ਜਨਧਨ ਖਾਤਿਆਂ ਦੀ ਦੁਰਵਰਤੋਂ ਕਰਦਿਆਂ ਜਮਾਂ ਕਰਵਾਇਆ ਹੈ। ਅਜਿਹੇ 'ਚ ਸਰਕਾਰ ਨੇ ਨਵਾਂ ਨਿਯਮ ਲਾਗੂ ਕਰਦਿਆਂ ਐਲਾਨ ਕੀਤਾ ਹੈ ਕਿ ਇਹਨਾਂ ਖਾਤਿਆਂ 'ਚੋਂ ਇੱਕ ਮਹੀਨੇ ਅੰਦਰ ਸਿਰਫ 10 ਹਜਾਰ ਰੁਪਏ ਹੀ ਕਢਵਾਏ ਜਾ ਸਕਣਗੇ। ਸਰਕਾਰ ਨੇ ਇਸ ਤੋਂ ਪਹਿਲਾਂ ਸਾਫ ਕੀਤਾ ਸੀ ਕਿ ਜਿਹੜੇ ਜੀਰੋ ਬੈਲੇਂਸ ਜਨਧਨ ਖਾਤਿਆਂ 'ਚ ਅਚਾਨਕ ਮੋਟੀ ਰਕਮ ਜਮਾਂ ਹੋਣ ਲੱਗੀ ਹੈ, ਉਨ੍ਹਾਂ ਦੀ ਜਾਂਚ ਹੋਵੇਗੀ। ਪਤਾ ਕੀਤਾ ਜਾਏਗਾ ਕਿ ਜਿਸ ਖਾਤੇ 'ਚ ਪੈਸਾ ਜਮਾਂ ਹੋਇਆ ਹੈ ਕੀ ਉਹ ਖਾਤਾਧਾਰਕ ਦਾ ਹੀ ਹੈ। ਇਸ ਦੇ ਲਈ 50000 ਤੋਂ ਵੱਧ ਰਕਮ ਜਮਾਂ ਕਰਨ ਵਾਲਿਆਂ ਦੇ ਖਾਤੇ ਦੀ ਜਾਂਚ ਕੀਤੀ ਜਾਏਗੀ। ਜੇਕਰ ਪਾਇਆ ਗਿਆ ਕਿ ਇਹ ਪੈਸਾ ਗੈਰਕਾਨੂੰਨੀ ਤਰੀਕੇ ਜਮਾਂ ਕਰਵਾਇਆ ਗਿਆ ਕਾਲਾ ਧਨ ਹੈ ਤਾਂ ਪੂਰਾ ਪੈਸਾ ਜ਼ਬਤ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।