ਡੇਰਾ ਸਿਰਸਾ ਦੇ 25 ਜਨਵਰੀ ਵਾਲੇ ਸਮਾਗਮ 'ਤੇ ਲੱਗੀ ਰੋਕ
ਏਬੀਪੀ ਸਾਂਝਾ | 16 Jan 2018 03:31 PM (IST)
ਪੁਰਾਣੀ ਤਸਵੀਰ
ਸਿਰਸਾ: ਪੁਲਿਸ ਨੇ ਡੇਰਾ ਸਿਰਸਾ ਦੇ ਹੈੱਡਕੁਆਟਰ ਦੇ ਬਾਹਰ ਕੋਈ ਵੀ ਸਮਾਗਮ ਨਾ ਕਰਵਾਏ ਜਾਣ ਦੇ ਨੋਟਿਸ ਚਿਪਕਾ ਦਿੱਤੇ ਹਨ। ਇਸ ਦੇ ਨਾਲ 25 ਜਨਵਰੀ ਨੂੰ ਸ਼ਾਹ ਸਤਨਾਮ ਸਿੰਘ ਦੇ ਜਨਮ ਦਿਹਾੜੇ ਮੌਕੇ ਹੋਣ ਵਾਲੇ ਸਮਾਗਮ 'ਤੇ ਸਵਾਲੀਆ ਚਿੰਨ੍ਹ ਲੱਗ ਗਿਆ ਹੈ। ਹਾਲਾਂਕਿ, ਨੋਟਿਸ ਵਿੱਚ ਇਹ ਲਿਖਿਆ ਹੈ ਕਿ ਪ੍ਰਸ਼ਾਸਨ ਦੀ ਇਜਾਜ਼ਤ ਲੈ ਕੇ ਕਿਸੇ ਕਿਸਮ ਦਾ ਸਮਾਗਮ ਕੀਤਾ ਜਾ ਸਕਦਾ ਹੈ। ਥਾਣਾ ਸਦਰ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ 25 ਜਨਵਰੀ ਨੂੰ ਸ਼ਾਹ ਸਤਨਾਮ ਦੇ ਜਨਮ ਦਿਨ ਮੌਕੇ ਹੋਣ ਵਾਲੇ ਸਮਾਗਮ ਵਿੱਚ ਕਾਫੀ ਲੋਕਾਂ ਦੇ ਆਉਣ ਦੀ ਆਸ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਸਿਰਸਾ ਵਿੱਚ ਭੀੜ ਨੇ ਕਾਫੀ ਭੰਨ-ਤੋੜ ਕੀਤੀ ਸੀ ਸੋ ਇਸ ਲਈ ਬਗ਼ੈਰ ਇਜਾਜ਼ਤ ਕੀਤੇ ਸਮਾਗਮ 'ਤੇ ਪੁਲਿਸ ਕਾਰਵਾਈ ਕਰੇਗੀ। ਉਧਰ ਡੇਰੇ ਵਿੱਚ ਇਸ ਸਮਾਗਮ ਦੀਆਂ ਤਿਆਰੀਆਂ ਗੁਪਤ ਤਰੀਕੇ ਨਾਲ ਜਾਰੀ ਹਨ। ਇਸ 'ਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਪੁਲਿਸ ਨੂੰ ਕਿਸੇ ਮੰਦਭਾਗੀ ਘਟਨਾ ਦਾ ਖ਼ਦਸ਼ਾ ਹੈ। ਇਸ ਲਈ ਬਗ਼ੈਰ ਇਜਾਜ਼ਤ ਤੋਂ ਕਿਸੇ ਵੀ ਸਮਾਗਮ 'ਤੇ ਰੋਕ ਲਾ ਦਿੱਤੀ ਹੈ। ਡੇਰਾ ਹੈੱਡਕੁਆਟਰ ਵਿੱਚ ਨਵੰਬਰ ਮਹੀਨੇ ਤੋਂ ਨਾਮ ਚਰਚਾ ਕੀਤੀ ਜਾ ਰਹੀ ਹੈ। ਜੇਲ੍ਹ ਜਾਣ ਤੋਂ ਬਾਅਦ ਡੇਰਾ ਮੁਖੀ ਦੀ ਗ਼ੈਰ ਹਾਜ਼ਰੀ ਵਿੱਚ ਸੀ.ਡੀ. ਰਾਹੀਂ ਨਾਮ ਚਰਚਾ ਕੀਤੀ ਜਾਂਦੀ ਹੈ। ਬੀਤੇ ਸਾਲ 28 ਅਗਸਤ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਬਲਾਤਕਾਰ ਦੇ ਦੋਸ਼ੀ ਵਜੋਂ ਸਜ਼ਾ ਦੇ ਐਲਾਨ ਤੋਂ ਬਾਅਦ ਡੇਰਾ ਹੈੱਡਕੁਆਟਰ ਖਾਲੀ ਕਰਵਾ ਲਿਆ ਗਿਆ ਸੀ ਪਰ ਹੁਣ ਇੱਥੇ ਡੇਰਾ ਪ੍ਰੇਮੀ ਆਮ ਵਾਂਗ ਆਉਂਦੇ ਜਾਂਦੇ ਹਨ।