Z+ ਸੁਰੱਖਿਆ ਵਾਲੇ ਤੋਗੜੀਆ ਨੂੰ ਐਨਕਾਊਂਟਰ ਦਾ ਖ਼ਤਰਾ!
ਏਬੀਪੀ ਸਾਂਝਾ | 16 Jan 2018 01:28 PM (IST)
ਅਹਿਮਦਾਬਾਦ: ਵਿਸ਼ਵ ਹਿੰਦੂ ਪ੍ਰੀਸ਼ਦ ਦੇ ਮੁਖੀ ਪ੍ਰਵੀਨ ਤੋਗੜੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਰੋ-ਰੋ ਕੇ ਆਪਣੇ ਐਨਕਾਊਂਟਰ ਹੋਣ ਦਾ ਖ਼ਦਸ਼ਾ ਜਤਾਇਆ। ਉਨ੍ਹਾਂ ਕਿਹਾ ਕਿ ਮੇਰੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Z+ ਸੁਰੱਖਿਆ ਹਾਸਲ ਤੋਗੜੀਆ ਮੀਡੀਆ ਨਾਲ ਗੱਲਬਾਤ ਸਮੇਂ ਫੁੱਟ-ਫੁੱਟ ਕੇ ਰੋਣ ਲੱਗੇ। ਵੀ.ਐਚ.ਪੀ. ਮੁਖੀ ਬੀਤੇ ਕੱਲ੍ਹ ਸਵੇਰੇ 10 ਵਜੇ ਤੋਂ ਲਾਪਤਾ ਸਨ ਤੇ ਦੇਰ ਸ਼ਾਮ ਇੱਕ ਪਾਰਕ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸੀ। ਮੈਂ ਲਗਾਤਾਰ ਹਿੰਦੂਆਂ ਦੇ ਮੁੱਦੇ ਉਠਾ ਰਿਹਾਂ: ਤੋਗੜੀਆ ਪ੍ਰਵੀਨ ਤੋਗੜੀਆ ਨੇ ਕਿਹਾ, "ਮੈਂ ਹਿੰਦੂ ਏਕਤਾ ਲਈ ਕੋਸ਼ਿਸ਼ ਕਰ ਰਿਹਾ ਹਾਂ। ਕਈ ਸਾਲਾਂ ਤੋਂ ਰਾਮ ਮੰਦਰ, ਗਊ-ਹੱਤਿਆ, ਕਸ਼ਮੀਰੀ ਹਿੰਦੂਆਂ ਨੂੰ ਵਸਾਉਣ, ਕਿਸਾਨਾਂ ਨੂੰ ਲਾਗਤ ਤੋਂ ਡੇਢ ਗੁਣਾ ਜ਼ਿਆਦਾ ਮੁਨਾਫਾ ਦੇਣ ਵਰਗੇ ਮੁੱਦਿਆਂ ਨੂੰ ਚੁੱਕ ਰਿਹਾ ਹਾਂ। ਇਸ ਲਈ ਮੇਰੀ ਆਵਾਜ਼ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।" ਐਨਕਾਊਂਟਰ ਦੀ ਧਮਕੀ ਮਿਲੀ: ਤੋਗੜੀਆ ਪ੍ਰਵੀਨ ਤੋਗੜੀਆ ਨੇ ਦੱਸਿਆ, "ਜਦੋਂ ਕੱਲ੍ਹ ਸਵੇਰੇ ਘਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਉਸ ਦੇ ਘਰ ਇੱਕ ਆਦਮੀ ਦਾਖ਼ਲ ਹੋਇਆ ਤੇ ਕਹਿਣ ਲੱਗਾ ਕਿ ਮੇਰਾ ਐਨਕਾਊਂਟਰ ਹੋਣ ਵਾਲਾ ਹੈ। ਇਸ ਤੋਂ ਬਾਅਦ ਮੈਂ ਪੁਲਿਸ ਨੂੰ ਛੱਡ ਕੇ ਆਟੋ ਵਿੱਚ ਬੈਠ ਕੇ ਚਲਾ ਗਿਆ ਤੇ ਲੋਕੇਸ਼ਨ ਨਾ ਪਤਾ ਲੱਗੇ ਇਸ ਲਈ ਫ਼ੋਨ ਬੰਦ ਕਰ ਲਿਆ। ਮੈਨੂੰ ਆਈ.ਬੀ. ਰਾਹੀਂ ਡਰਾਇਆ ਜਾ ਰਿਹਾ ਹੈ। ਪੁਰਾਣੇ ਕੇਸ ਦਾ ਹਵਾਲਾ ਦੇ ਕੇ ਐਨਕਾਊਂਟਰ ਦੀ ਧਮਕੀ ਦਿੱਤੀ ਜਾ ਰਹੀ ਹੈ ਪਰ ਮੈਂ ਡਰਨ ਵਾਲਾ ਨਹੀਂ ਹਾਂ।" ਮੇਰੇ ਘਰ ਕੁਝ ਵੀ ਗ਼ੈਰ ਕਾਨੂੰਨੀ ਨਹੀਂ- ਪ੍ਰਵੀਨ ਤੋਗੜੀਆ ਤੋਗੜੀਆ ਨੇ ਦੱਸਿਆ ਕਿ ਰਾਜਸਥਾਨ ਪੁਲਿਸ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਆਈ ਸੀ। ਉਨ੍ਹਾਂ ਕਿਹਾ,"ਮੇਰੀ ਗੁਜਰਾਤ ਜਾਂ ਰਾਜਸਥਾਨ ਪੁਲਿਸ ਨਾਲ ਕੋਈ ਸ਼ਿਕਾਇਤ ਨਹੀਂ। ਬੱਸ ਉਹ ਸਰਚ ਵਾਰੰਟ ਲੈ ਕੇ ਆਉਣ। ਮੇਰੇ ਘਰ ਕੁਝ ਵੀ ਗ਼ੈਰ ਕਾਨੂੰਨੀ ਨਹੀਂ। ਗੁਜਰਾਤ ਪੁਲਿਸ ਮੇਰੇ ਕਮਰੇ ਦੀ ਤਲਾਸ਼ੀ ਲੈਣ ਕਿਉਂ ਆਈ? ਮੀਡੀਆ ਨਾਲ ਹੀ ਮੈਂ ਕਮਰੇ ਵਿੱਚ ਜਾਵਾਂਗਾ।" ਦਰਅਸਲ ਬੀਤੇ ਕੱਲ੍ਹ ਰਾਜਸਥਾਨ ਪੁਲਿਸ ਤੋਗੜੀਆ ਨੂੰ ਗ੍ਰਿਫਤਾਰ ਕਰਨ ਆਈ ਸੀ। 10 ਸਾਲ ਪੁਰਾਣਾ ਮਾਮਲੇ ਵਿੱਚ ਪੁਲਿਸ ਨੂੰ ਤੋਗੜੀਆ ਦੀ ਤਲਾਸ਼ ਸੀ। ਰਾਜਸਥਾਨ ਦੀ ਗੰਗਾਨਗਰ ਅਦਾਲਤ ਨੇ ਤੋਗੜੀਆ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ। ਤੋਗੜੀਆ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਮੁਖੀ ਹਨ। ਵੀ.ਐਚ.ਪੀ. ਰਾਸ਼ਟਰੀ ਸੇਵਾ ਸੰਘ ਨਾਲ ਜੁੜੀ ਹੋਈ ਸੰਸਥਾ ਹੈ। ਰਾਮ ਮੰਦਰ ਅੰਦੋਲਨ ਨੂੰ ਖੜ੍ਹਾ ਕਰਨ ਵਿੱਚ ਵੀ.ਐਚ.ਪੀ. ਦਾ ਵੱਡਾ ਹੱਥ ਸੀ।