ਨਵੀਂ ਦਿੱਲੀ: ਸੜਕ ਟ੍ਰਾਂਸਪੋਰਟ ਤੇ ਰਾਜ ਮਾਰਗ ਮੰਤਰਾਲੇ ਨੇ ਡ੍ਰਾਈਵਿੰਗ ਸੈਂਟਰਜ਼ ਲਈ ਮਾਨਤਾ ਵਾਸਤੇ ਇੱਕ ਡ੍ਰਾਫ਼ਟ ਨੋਟੀਫ਼ਿਕੇਸ਼ਨ ਜਾਰੀ ਕੀਤਾ ਹੈ। ਅਜਿਹੇ ਕੇਂਦਰਾਂ ਤੋਂ ਸਫ਼ਲਤਾ ਪੂਰਬਕ ਡ੍ਰਾਈਵਿੰਗ ਟ੍ਰੇਨਿੰਗ ਮੁਕੰਮਲ ਕਰਨ ਵਾਲੇ ਵਿਅਕਤੀ ਨੂੰ ਡ੍ਰਾਈਵਿੰਗ ਲਾਇਸੈਂਸ ਲਈ ਅਰਜ਼ੀ ਦਿੰਦੇ ਸਮੇਂ ਡ੍ਰਾਈਵਿੰਗ ਟੈਸਟ ਨਹੀਂ ਦੇਣਾ ਪਵੇਗਾ।

ਮੰਤਰਾਲੇ ਨੇ ਕਿਹਾ ਕਿ ਇਸ ਕਦਮ ਨਾਲ ਟ੍ਰਾਂਸਪੋਰਟ ਉਦਯੋਗ ਨੂੰ ਟ੍ਰੈਂਡ ਡ੍ਰਾਈਵਰ ਮਿਲਣਗੇ ਤੇ ਸੜਕ ਹਾਦਸਿਆਂ ਵਿੱਚ ਕਮੀ ਆਵੇਗੀ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਡ੍ਰਾਫ਼ਟ ਨੋਟੀਫ਼ਿਕੇਸ਼ਨ 29 ਜਨਵਰੀ, 2021 ਨੂੰ ਮੰਤਰਾਲੇ ਦੀ ਅਧਿਕਾਰਤ ਵੈੱਬਸਾਈਟ ਉੱਤੇ ਅਪਲੋਡ ਕੀਤਾ ਗਿਆ ਹੈ; ਜਿਸ ਬਾਰੇ ਲੋਕਾਂ ਦੇ ਸੁਝਾਅ ਮੰਗੇ ਗਏ ਹਨ। ਇਸ ਤੋਂ ਬਾਅਦ ਰਸਮੀ ਤੌਰ ਉੱਤੇ ਇਹ ਯੋਜਨਾ ਸ਼ੁਰੂ ਹੋ ਜਾਵੇਗੀ।





 

ਦੇਸ਼ ਵਿੱਚ 18 ਜਨਵਰੀ ਤੋਂ 17 ਫ਼ਰਵਰੀ, 2021 ਤੱਕ ‘ਸੜਕ ਸੁਰੱਖਿਆ ਹਫ਼ਤਾ’ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਰਾਜ ਸਰਕਾਰਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਪ੍ਰਸ਼ਾਸਨ ਓਈਐਮ ਸਮੇਤ ਹੋਰ ਸੰਸਥਾਨਾਂ ਨਾਲ ਮਿਲ ਕੇ ਦੇਸ਼ ਵਿੱਚ ਕਈ ਗਤੀਵਿਧੀਆਂ ਕਰ ਰਿਹਾ ਹੈ। ਸਰਕਾਰ ਇੰਝ ਸਿਰਫ਼ ਜਾਗਰੂਕਤਾ ਫੈਲਾ ਰਹੀ ਹੈ।

 

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪਿਛਲੇ ਮਹੀਨੇ ਟ੍ਰਾਂਸਪੋਰਟ ਡਿਵੈਲਪਮੈਂਟ ਕੌਂਸਲ ਦੀ 40ਵੀਂ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਨਤਕ ਟ੍ਰਾਂਸਪੋਰਟ ਨੂੰ ਲੋਕਾਂ ਦੇ ਅਨੁਕੂਲ, ਸੁਰੱਖਿਅਤ, ਸਸਤੀ, ਆਸਾਨੀ ਨਾਲ ਉਪਲਬਧ ਤੇ ਪ੍ਰਦੂਸ਼ਣ ਮੁਕਤ ਬਣਾਉਣ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਸੀ।