ਨਵੀਂ ਦਿੱਲੀ: ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ (Rakesh Tikait) ਇਨ੍ਹੀਂ ਦਿਨੀਂ ਗਾਜ਼ੀਪੁਰ ਬਾਰਡਰ (Gazipur border) ਉੱਤੇ ਕਿਸਾਨ ਅੰਦੋਲਨ (Farmers Protest) ਦੀ ਅਗਵਾਈ ਕਰ ਰਹੇ ਹਨ। 28 ਜਨਵਰੀ ਦੀ ਸ਼ਾਮ ਨੂੰ ਜਦੋਂ ਕਿਸਾਨ ਅੰਦੋਲਨ ਇੱਕ ਤਰ੍ਹਾਂ ਖ਼ਤਮ ਹੁੰਦਾ ਜਾਪ ਰਿਹਾ ਸੀ, ਤਦ ਟਿਕੈਤ ਦੇ ਹੰਝੂਆਂ ਨੇ ਸਾਰਾ ਮਾਹੌਲ ਹੀ ਬਦਲ ਕੇ ਰੱਖ ਦਿੱਤਾ ਸੀ। ਮਾਈਕ ਹੱਥ ’ਚ ਲੈ ਕੇ ਉਨ੍ਹਾਂ ਤਦ ਆਖਿਆ ਸੀ ਕਿ ‘ਮੈਂ ਖ਼ੁਦਕੁਸ਼ੀ ਕਰ ਲਵਾਂਗਾ। ਅਸੀਂ ਇੱਥੇ ਹੀ ਰਹਾਂਗੇ ਤੇ ਇਹ ਜਗ੍ਹਾ ਛੱਡ ਕੇ ਨਹੀਂ ਜਾਵਾਂਗੇ।’
ਉਨ੍ਹਾਂ ਵੱਲੋਂ ਇਹ ਗੱਲ ਆਖਣ ਦੀ ਦੇਰ ਸੀ ਕਿ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਦਿੱਲੀ ਲਈ ਰਵਾਨਾ ਹੋ ਗਏ। ਅੱਜ ਟਿਕੈਤ ਇਸ ਕਿਸਾਨ ਅੰਦੋਲਨ ਦੇ ਸਭ ਤੋਂ ਵੱਡੇ ਨੇਤਾ ਬਣ ਚੁੱਕੇ ਹਨ। ਰਾਕੇਸ਼ ਟਿਕੈਤ ਨੇ ਹੁਣ ਕਿਹਾ ਹੈ ਸਰਕਾਰ ਜੇ ਤਿੰਨੇ ਨਵੇਂ ਖੇਤੀ ਕਾਨੂੰਨ ਵਾਪਸ ਵੀ ਲੈ ਲੈਂਦੀ ਹੈ, ਤਦ ਵੀ ਅੰਦੋਲਨ ਚੱਲਦਾ ਹੀ ਰਹੇਗਾ। ਉਨ੍ਹਾਂ ਮੰਗ ਕੀਤੀ ਹੈ ਕਿ ਤਿੰਨ ਕੁਇੰਟਲ ਕਣਕ ਦਾ ਭਾਅ ਇੰਨਾ ਕਰ ਦਿੱਤਾ ਜਾਵੇ ਕਿ ਇੱਕ ਤੋਲਾ ਸੋਨਾ ਖ਼ਰੀਦਿਆ ਜਾ ਸਕੇ।
ਟਿਕੈਤ ਨੇ ਮੰਗ ਕੀਤੀ ਕਿ ਹੋਰ ਸਾਰੀਆਂ ਵਸਤਾਂ ਦੇ ਭਾਅ ਅਸਮਾਨੀਂ ਚੜ੍ਹੇ ਹੋਏ ਹਨ ਪਰ ਅਨਾਜ ਨੂੰ ਵਪਾਰੀ ਸਦਾ ਸਸਤੇ ਭਾਅ ਖ਼ਰੀਦਦੇ ਹਨ। ਅਨਾਜ ਦਾ ਭਾਅ ਜਾਣਬੁੱਝ ਕੇ ਬਹੁਤਾ ਨਹੀਂ ਵਧਾਇਆ ਜਾਂਦਾ। ਉਨ੍ਹਾਂ ਕਿਹਾ ਕਿ ਸਰਕਾਰ ਇਹ ਐਲਾਨ ਕਰੇ ਕਿ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕਿਸੇ ਵੀ ਹਾਲਤ ਵਿੱਚ ਅਨਾਜ ਨਹੀਂ ਖ਼ਰੀਦਿਆ ਜਾਵੇਗਾ। ਇਸ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਸਖ਼ਤ ਕਾਰਵਾਈ ਹੋਵੇ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹੁਣ ਅਕਤੂਬਰ ਮਹੀਨੇ ਤੱਕ ਦੇ ਅੰਦੋਲਨ ਦੀ ਪੂਰੀ ਯੋਜਨਾ ਉਲੀਕ ਲਈ ਹੈ। ਇਹ ਅੰਦੋਲਨ ਜਾਰੀ ਰਹੇਗਾ। ਟਿਕੈਤ ਨੇ ਦਾਅਵਾ ਕੀਤਾ ਕਿ ਕਿਸਾਨ ਯੂਨੀਅਨ ਦੀ ਪਹੁੰਚ 73 ਦੇਸ਼ਾਂ ਤੱਕ ਹੈ।