ਨਵੀਂ ਦਿੱਲੀ: ਟੈਕਸ ਭਰਨ ਵਾਲੇ ਲੋਕਾਂ ਲਈ ਪੈਨ ਕਾਰਡ ਜ਼ਰੂਰੀ ਦਸਤਾਵੇਜ਼ ਹੈ। ਹੁਣ ਇਸ ਨੂੰ ਬਣਵਾਉਣਾ ਵੀ ਆਸਾਨ ਹੁੰਦਾ ਜਾ ਰਿਹਾ ਹੈ। ਪਹਿਲਾਂ ਪੈਨ ਕਾਰਡ ਬਣਵਾਉਣ ‘ਚ ਇੱਕ ਮਹੀਨੇ ਤੋਂ ਸੱਤ ਦਿਨ ਤਕ ਦਾ ਸਮਾਂ ਲੱਗਦਾ ਸੀ ਪਰ ਹੁਣ ਕਿਸੇ ਨੂੰ ਵੀ ਇੰਨਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਸੀਬੀਡੀਟੀ ਮੁਤਾਬਕ ਹੁਣ ਪੈਨ ਕਾਰਡ ਨੂੰ ਸਿਰਫ ਚਾਰ ਘੰਟਿਆਂ ‘ਚ ਬਣਵਾਇਆ ਜਾ ਸਕਦਾ ਹੈ। ਬੋਰਡ ਇਸ ਯੋਜਨਾ ‘ਤੇ ਕੰਮ ਕਰ ਰਿਹਾ ਹੈ। ਸੀਬੀਡੀਟੀ ਦੇ ਇਸ ਕਦਮ ਨਾਲ ਟੈਕਸ ਭਰਨ ਵਾਲਿਆਂ ਨੂੰ ਕਾਫੀ ਆਸਾਨੀ ਹੋ ਸਕਦੀ ਹੈ। ਸੀਬੀਡੀਟੀ ਦੇ ਚੇਅਰਮੈਨ ਸੁਸ਼ੀਲ ਚੰਦਰਾ ਮੁਤਾਬਕ, "ਜਲਦੀ ਹੀ 4 ਘੰਟੇ ਦੇ ਅੰਦਰ ਈ-ਪੈਨ ਦੇਣ ਦੀ ਸੁਵਿਧਾ ਸ਼ੁਰੂ ਹੋ ਜਾਵੇਗੀ। ਕੁਝ ਸਮੇਂ ਬਾਅਦ 4 ਘੰਟੇ ‘ਚ ਪੈਨ ਕਾਰਡ ਮਿਲਣਾ ਵੀ ਸ਼ੁਰੂ ਹੋ ਜਾਵੇਗਾ। ਇਸ ਲਈ ਆਧਾਰ ਪਹਿਚਾਣ ਦੇਣੀ ਪਵੇਗੀ।"
ਅਪ੍ਰੈਲ 2017 ‘ਚ ਟੈਕਸ ਭਰਨ ਵਾਲਿਆਂ ਦੀ ਸੁਵਿਧਾ ਲਈ ਸੀਬੀਡੀਟੀ ਨੇ ਈ-ਪੈਨ ਦੀ ਸ਼ੁਰੂਆਤ ਕੀਤੀ ਸੀ। ਇਸ ਸਵਿਧਾ ਤਹਿਤ ਹਰ ਆਵੇਦਕ ਨੂੰ ਈ-ਮੇਲ ਰਾਹੀਂ ਪੈਨ ਕਾਰਡ ਦੀ ਸੌਫਟ ਕਾਫੀ ਪੀਡੀਐਫ ਫਾਰਮੈਟ ‘ਚ ਮਿਲ ਜਾਵੇਗੀ। ਇਸ ਨੂੰ ਉਹ ਮੇਲ ਤੋਂ ਡਾਊਨਲੋਡ ਕਰ ਇਸਤੇਮਾਲ ਕਰ ਸਕਦਾ ਹੈ।
ਕੇਂਦਰ ‘ਚ ਐਨਡੀਏ ਸਰਕਾਰ ਆਉਣ ਤੋਂ ਬਾਅਦ ਟੈਕਸ ਭਰਨ ਤੇ ਟੈਕਸ ਰਿਟਰਨ ਫਾਈਲ ਕਰਨ ਵਾਲਿਆਂ ਦੀ ਗਿਣਤੀ ‘ਚ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਪੈਨ ਕਾਰਡ ਸਰਕਾਰੀ-ਗੈਰ-ਸਰਕਾਰੀ ਥਾਂਵਾਂ ‘ਤੇ ਪਛਾਣ ਪੱਤਰ ਦੇ ਤੌਰ ‘ਤੇ ਕੀਤੀ ਜਾ ਸਕਦੀ ਹੈ।