ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੱਲਦਿਆਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪਰਵਾਸੀ ਭਾਰਤੀਆਂ ਨੂੰ ਰੁਝਾਉਣ ਲਈ ਵੱਡਾ ਐਲਾਨ ਕੀਤਾ ਹੈ। ਰਾਹੁਲ ਨੇ ਕਿਹਾ ਕਿ ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਪਰਵਾਸੀ ਭਾਰਤੀ ਮੰਤਰਾਲਾ ਬਣਾਇਆ ਜਾਏਗਾ। ਇਸ ਦੇ ਨਾਲ ਹੀ ਰਾਹੁਲ ਨੇ ਕਿਹਾ ਹੈ ਕਿ ਭਾਰਤੀ ਚਾਹੇ ਕਿਸੇ ਵੀ ਦੇਸ਼ ਵਿੱਚ ਕੰਮ ਕਰਨ, ਉਹ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਹਿਣਗੇ।

ਰਾਹੁਲ ਨੇ ਆਪਣੀ ਫੇਸਬੁਕ ਪੋਸਟ ਵਿੱਚ ਲਿਖਿਆ ਕਿ ਕਾਂਗਰਸ ਪਰਵਾਸੀ ਭਾਰਤੀ ਮੰਤਰਾਲੇ ਦੀ ਸਥਾਪਨਾ ਕਰੇਗੀ ਜੋ ਪਰਵਾਸੀ ਭਾਰਤੀਆਂ ਨਾਲ ਸਬੰਧਿਤ ਕੰਮ ਦੀ ਸੁਰੱਖਿਆ, ਸਮਾਜਿਕ ਸੁਰੱਖਿਆ, ਸਿਹਤ ਲਾਭ ਤੇ ਉਨ੍ਹਾਂ ਦੀ ਸੁਰੱਖਿਅਤ ਵਤਨ ਵਾਪਸੀ ਜਿਹੇ ਮਾਮਲਿਆਂ 'ਤੇ ਕੰਮ ਕਰੇਗਾ। ਉਨ੍ਹਾਂ ਲਿਖਿਆ ਕਿ ਉਹ ਭਾਰਤ ਵਿੱਚ ਨਿਵੇਸ਼ ਲਈ ਇਛੁੱਕ ਪਰਵਾਸੀ ਭਾਰਤੀਆਂ ਲਈ ਏਕਲ ਖਿੜਕੀ ਸਥਾਪਿਤ ਕਰਨਗੇ ਤੇ ਨਿਵੇਸ਼ ਦੀ ਪ੍ਰਕਿਰਿਆ ਸੌਖੀ ਬਣਾਈ ਜਾਏਗੀ।


ਦੱਸ ਦੇਈਏ ਹਾਲੇ ਭਾਰਤ ਸਰਕਾਰ 9 ਜਨਵਰੀ ਨੂੰ ਪਰਵਾਸੀ ਭਾਰਤੀ ਦਿਵਸ ਵਜੋਂ ਮਨਾਉਂਦੀ ਹੈ। ਇਸ ਦਿਨ ਮਹਾਤਮਾ ਗਾਂਧੀ ਦੱਖਣ ਅਫਰੀਕਾ ਤੋਂ ਭਾਰਤ ਵਾਪਸ ਪਰਤੇ ਸੀ। ਇਸ ਦੀ ਸ਼ੁਰੂਆਤ ਸਾਲ 2003 ਵਿੱਚ ਹੋਈ ਸੀ। ਇਸ ਦਾ ਵਿਚਾਰ ਬੀਜੇਪੀ ਸਾਂਸਦ ਤੇ ਮਕਬੂਲ ਲੇਖਕ ਲਕਸ਼ਮੀਮੱਲ ਸਿੰਘਵੀ ਨੇ ਦਿੱਤਾ ਸੀ।