ਨਵੀਂ ਦਿੱਲੀ: ਦੇਸ਼ ’ਚ ਕਹਿਰ ਵਰਤਾਉਣ ਵਾਲੀ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਜਿਵੇਂ-ਜਿਵੇਂ ਕਮਜ਼ੋਰ ਪੈਂਦੀ ਜਾ ਰਹੀ ਹੈ, ਤਿਵੇਂ ਹੀ ਕਿਸਾਨ ਅੰਦੋਲਨ ਵੀ ਸਰਗਰਮ ਹੋ ਗਿਆ ਹੈ। ਇਸ ਵਾਰ ਕਿਸਾਨਾਂ ਨੇ ਕੋਰੋਨਾ ਵਾਇਰਸ ਦੀ ਲਾਗ ਨੂੰ ਧਿਆਨ ’ਚ ਰੱਖਦਿਆਂ ਖ਼ਾਸ ਰਣਨੀਤੀ ਤਿਆਰ ਕੀਤੀ ਹੈ। ਹੁਣ ‘ਗੁਰੀਲਾ ਅੰਦੋਲਨ’ ਸ਼ੁਰੂ ਹੋਵੇਗਾ। ਸਰਕਾਰ ਨੂੰ ਇਹ ਸਮਝ ਨਹੀਂ ਆਵੇਗਾ ਕਿ ਕਦੋਂ ਕਿੱਥੇ ਕੀ ਹੋ ਗਿਆ।


ਇਹ ਤੈਅ ਹੈ ਕਿ ਇਸ ਨਵੇਂ ਅੰਦੋਲਨ ਵਿੱਚ ਭਾਜਪਾ ਦੇ ਲੋਕ ਨੁਮਾਇੰਦਿਆਂ, ਜਿਵੇਂ ਮੁੱਖ ਮੰਤਰੀ, ਸੰਸਦ ਮੈਂਬਰਾਂ ਤੇ ਵਿਧਾਇਕਾਂ ਨੂੰ ਵਿਚਰਨਾ ਔਖਾ ਹੋ ਸਕਦਾ ਹੈ। ਕਿਸਾਨ ਜਥੇਬੰਦੀਆਂ ਦਾ ‘ਕਾਲਾ ਝੰਡਾ’ ਉਨ੍ਹਾਂ ਦਾ ਪਿੱਛਾ ਨਹੀਂ ਛੱਡੇਗਾ। ਜਿਵੇਂ ਹਰਿਆਣਾ ਤੇ ਪੰਜਾਬ ਵਿੱਚ ਭਾਜਪਾ ਦੇ ਲੋਕ ਨੁਮਾਇੰਦਿਆਂ ਸਾਹਮਣੇ ਹੱਲਾ ਬੋਲ ਕੇ ਉਨ੍ਹਾਂ ਦਾ ਜਨਤਕ ਸਮਾਰੋਹ ਵਿੱਚ ਭਾਗ ਲੈਣਾ ਔਖਾ ਕਰ ਦਿੱਤਾ ਸੀ, ਹੁਣ ਉਹੀ ਤਰੀਕਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵਿੱਚ ਅਜ਼ਮਾਇਆ ਜਾਵੇਗਾ।


ਇਸ ਤੋਂ ਬਾਅਦ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਭਾਜਪਾ ਆਗੂਆਂ ਨੂੰ ਅਜਿਹੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ‘ਆਲ ਇੰਡੀਆ ਕਿਸਾਨ ਖੇਤ ਮਜ਼ਦੂਰ’ ਸੰਗਠਨ ਦੇ ਪ੍ਰਧਾਨ ਸੱਤਿਆਵਾਨ ਨੇ ਦੱਸਿਆ ਕਿ ਕੇਂਦਰ ਸਰਕਾਰ ਹੁਣ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਅਪਰਾਧਕ ਰੁਝਾਨ ਦੇ ਰਾਹ ਤੁਰ ਪਈ ਹੈ। ਉਹ ਹੁਣ ਚਾਹੁੰਦੀ ਹੈ ਕਿ ਇਹ ਅੰਦੋਲਨ ਲੰਮਾ ਖਿੱਚਿਆ ਜਾਵੇ ਤੇ ਕਿਸੇ ਤਰ੍ਹਾਂ ਖ਼ੁਦ ਹੀ ਬਦਨਾਮ ਹੋ ਜਾਵੇ। ਸਰਕਾਰ ਪਹਿਲਾਂ ਵੀ ਅਜਿਹੀਆਂ ਕੋਸ਼ਿਸ਼ਾਂ ਕਰ ਚੁੱਕੀ ਹੈ।


ਸੱਤਿਆਵਾਨ ਨੇ ਦੱਸਿਆ ਕਿ ਇਸ ਵਾਰ ਕਿਸਾਨ ਅੰਦੋਲਨ ਨਵੇਂ ਰੂਪ ਤੇ ਨਵੇਂ ਢੰਗ-ਤਰੀਕਿਆਂ ਨਾਲ ਲੋਕਾਂ ਸਾਹਮਣੇ ਆ ਰਿਹਾ ਹੈ। ਦਿੱਲੀ ਦੀਆਂ ਸੀਮਾਵਾਂ ਉੱਤੇ ਅੰਦੋਲਨ ਚੱਲਦਾ ਰਹੇਗਾ। ਇਸ ਤੋਂ ਇਲਾਵਾ ਅਜਿਹੀ ਰਣਨੀਤੀ ਉਲੀਕੀ ਗਈ ਹੈ ਕਿ ਇਹ ਅੰਦੋਲਨ ਦੇਸ਼ ਦੇ ਸਾਰੇ ਜ਼ਿਲ੍ਹਿਆਂ ਵਿੱਚ ਸ਼ੁਰੂ ਹੋਵੇ। ਸੋਸ਼ਲ ਮੀਡੀਆ ਰਾਹੀਂ ਕਿਸਾਨ ਆਪਣੀ ਗੱਲ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉੱਤੇ ਲੈ ਕੇ ਜਾਣਗੇ।  26 ਮਈ ਨੂੰ ਕਿਸਾਨ ਸੰਗਠਨ ਤੇ ਸੈਂਟਰਲ ਟ੍ਰੇਡ ਯੂਨੀਅਨ ਮਿਲ ਕੇ ‘ਕਾਲਾ ਦਿਵਸ’ ਮਨਾਉਣਗੇ।


‘ਸਰਬ ਭਾਰਤੀ ਰੱਖਿਆ ਕਰਮਚਾਰੀ ਫ਼ੈਡਰੇਸ਼ਨ’ (AIDEF) ਦੇ ਜਨਰਲ ਸਕੱਤਰ ਸੀ. ਸ੍ਰੀਕੁਮਾਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਸਰਕਾਰ ਦੋ-ਧਾਰੀ ਤਲਵਾਰ ਵਾਂਗ ਕੰਮ ਕਰ ਰਹੀ ਹੈ। ਇੱਕ ਪਾਸੇ ਕਿਸਾਨਾਂ ਨੂੰ ਬਰਬਾਦ ਕਰਨ ’ਚ ਲੱਗੀ ਹੋਈ ਹੈ ਤੇ ਦੂਜੇ ਪਾਸੇ ਮੁਨਾਫ਼ੇ ’ਚ ਚੱਲ ਰਹੇ ਜਨਤਕ ਖੇਤਰ ਦੇ ਅਦਾਰਿਆਂ ਨੂੰ ਨਿਜੀ ਹੱਥਾਂ ਵਿੱਚ ਸੌਂਪ ਰਹੀ ਹੈ।


ਸਰਕਾਰ ਦੀਆਂ ਇਨ੍ਹਾਂ ਨੀਤੀਆਂ ਵਿਰੁੱਧ ‘ਹੱਲਾ ਬੋਲ’ ਕੀਤਾ ਜਾਵੇਗਾ। ਦੇਸ਼ ਦੇ ਕਰਮਚਾਰੀ ਸੰਗਠਨ ਕਿਸਾਨਾਂ ਨਾਲ ਖੜ੍ਹੇ ਹਨ। ਜਦੋਂ ਤੱਕ ਤਿੰਨੇ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ, ਤਦ ਤੱਕ ਸਰਕਾਰ ਵਿਰੁੱਧ ਅੰਦੋਲਨ ਜਾਰੀ ਰੱਖਿਆ ਜਾਵੇਗਾ।


ਇਹ ਵੀ ਪੜ੍ਹੋ: ਦੁੱਧ ਦੀਆਂ ਨਹਿਰਾਂ ਵਹਾਉਣ ਵਾਲੀਆਂ ਕਿਹੜੀਆਂ ਮੱਝਾਂ ? ਭਾਰਤ 'ਚ ਮੱਝਾਂ ਦੀਆਂ ਮੁੱਖ ਨਸਲਾਂ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904