ਚੰਡੀਗੜ੍ਹ: ਭਾਰਤ ’ਚ ਕਈ ਨਸਲਾਂ ਦੀਆਂ ਮੱਝਾਂ ਪਾਈਆਂ ਜਾਂਦੀਆਂ ਹਨ। ਸਭ ਤੋਂ ਵੱਧ ਮੰਗ ਵਧੇਰੇ ਦੁੱਧ ਦੇਣ ਵਾਲੀਆਂ ਮੱਝਾਂ ਦੀ ਰਹਿੰਦੀ ਹੈ। ਆਓ ਕਿਸਾਨਾਂ ਦੀ ਦਿਲਚਸਪੀ ਲਈ ਜਾਣੀਏ ਕਿ ਦੇਸ਼ ’ਚ ਕਿਹੜੀ-ਕਿਹੜੀ ਨਸਲ ਦੀਆਂ ਮੱਝਾਂ ਪਾਈਆਂ ਜਾਂਦੀਆਂ ਹਨ।


ਮੁੱਰਾ: ਇਹ ਮੱਝਾਂ ਦੀ ਦੁਨੀਆ ’ਚ ਸਭ ਤੋਂ ਵੱਧ ਦੁਧਾਰੂ ਨਸਲ ਹੈ। ਇਹ ਭਾਰਤ ਦੇ ਸਾਰੇ ਹਿੱਸਿਆਂ ਵਿੱਚ ਪਾਈ ਜਾਂਦੀ ਹੈ। ਉਂਝ ਇਸ ਦਾ ਜੱਦੀ ਖੇਤਰ ਹਰਿਆਣਾ ਦੇ ਰੋਹਤਕ, ਹਿਸਾਰ, ਜੀਂਦ ਤੇ ਕਰਨਾਲ ਜ਼ਿਲ੍ਹੇ ਤੇ ਦਿੱਲੀ ਤੇ ਪੰਜਾਬ ਹਨ। ਇਸ ਦਾ ਖ਼ਾਸ ਰੰਗ ਜੈੱਟ ਕਾਲਾ ਹੈ। ਇਸ ਨਸਲ ਦੀ ਵਿਸ਼ੇਸ਼ਤਾ ਛੋਟੇ ਮੁੜੇ ਹੋਏ ਸਿੰਗ ਤੇ ਖੁਰ ਤੇ ਪੂਛ ਦੇ ਹੇਠਲੇ ਹਿੱਸੇ ’ਚ ਸਫ਼ੇਦ ਧੱਬਿਆਂ ਦਾ ਹੋਣਾ ਹੈ।


ਅਹਿਮ ਵੇਰਵਾ-


ਔਸਤ ਦੁੱਧ ਉਤਪਾਦਨ- 1678 ਕਿਲੋਗ੍ਰਾਮ 307 ਦਿਨਾਂ ਵਿੱਚ


ਪਹਿਲੇ ਜਣੇਪੇ ਵੇਲੇ ਉਮਰ 40 ਤੋਂ 45 ਮਹੀਨੇ


ਦੋ ਜਣੇਪਿਆਂ ਵਿਚਾਲੇ ਦਾ ਫ਼ਰਕ 450 ਤੋਂ 500 ਦਿਨ


ਸੁਰਤੀ: ਸੁਰਤੀ ਨਸਲ ਦੀ ਮੱਝ ਦਾ ਜੱਦੀ ਖੇਤਰ ਗੁਜਰਾਤ ਹੈ। ਇਹ ਬੇਜ਼ਮੀਨੇ, ਛੋਟੇ ਤੇ ਹਾਸ਼ੀਏ ’ਤੇ ਪੁੱਜ ਚੁੱਕੇ ਕਿਸਾਨਾਂ ਵਿੱਚ ਬਹੁਤ ਪ੍ਰਚਲਿਤ ਹੈ। ਇਸ ਦਾ ਕਾਰਨ ਇਸ ਦੀ ਛੋਟੀ ਸਰੀਰਕ ਬਨਾਵਟ ਹੈ। ਇਸ ਨਸਲ ਦੇ ਸਿੰਗ ਹਾਂਸੀਆਕਾਰ ਹੁੰਦੇ ਹਨ।


ਅਹਿਮ ਵੇਰਵਾ-


ਔਸਤ ਦੁੱਧ ਉਤਪਾਦਨ 1,400 ਕਿਲੋਗ੍ਰਾਮ 352 ਦਿਨਾਂ ਵਿੱਚ


ਪਹਿਲੇ ਜਣੇਪੇ ਵੇਲੇ ਉਮਰ 40 ਤੋਂ 50 ਮਹੀਨੇ


ਦੋ ਜਣੇਪਿਆਂ ਵਿਚਾਲੇ ਦਾ ਅੰਤਰ 400 ਤੋਂ 500 ਦਿਨ


ਜਾਫ਼ਰਾਬਾਦੀ: ਇਸ ਨਸਲ ਦਾ ਪ੍ਰਜਣਨ ਖੇਤਰ ਗੁਜਰਾਤ ਦੇ ਕੱਛ ਤੇ ਜਾਮਨਗਰ ਜ਼ਿਲ੍ਹੇ ਹਨ। ਇਹ ਮੱਝ ਦੀ ਸਭ ਤੋਂ ਭਾਰੀ ਨਸਲ ਹੈ। ਇਸ ਦੇ ਅਗਲੇ ਹਿੱਸੇ ਵਿੱਚ ਚਿੱਟੇ ਨਿਸ਼ਾਨ ‘ਨਵ ਚੰਦਰ’ ਭਾਵ ‘ਨਵੇਂ ਚੰਨ’ ਦੇ ਨਾਂ ਨਾਲ ਜਾਣੇ ਜਾਂਦੇ ਹਨ।


ਅਹਿਮ ਵੇਰਵਾ-


ਔਸਤ ਦੁੱਧ ਉਤਪਾਦਨ 2,150 ਕਿਲੋਗ੍ਰਾਮ 305 ਦਿਨਾਂ ਵਿੱਚ


ਦੁੱਧ ’ਚ ਚਿਕਨਾਈ ਦੀ ਮਾਤਰਾ 7 ਤੋਂ 8%


ਪਹਿਲੇ ਜਣੇਪੇ ਵੇਲੇ ਉਮਰ 35 ਤੋਂ 40 ਮਹੀਨੇ


ਦੋ ਜਣੇਪਿਆਂ ਵਿਚਾਲੇ ਅੰਤਰ 390 ਦਿਨਾਂ ਤੋਂ 480 ਦਿਨ


ਮਹਿਸਾਨਾ: ਇਸ ਨਸਲ ਦਾ ਜੱਦੀ ਖੇਤਰ ਗੁਜਰਾਤ ਹੈ। ਇਹ ਦਰਮਿਆਨੇ ਆਕਾਰ ਦੀ ਸ਼ਾਂਤ ਸੁਭਾਅ ਵਾਲੀ ਨਸਲ ਹੈ। ਇਸ ਨਸਲ ਦੀ ਉੰਪਤੀ ਗੁਜਰਾਤ ਦੀ ਸੁਰਤੀ ਨਸਲ ਤੇ ਮੁੱਰਾ ਨਸਲ ਦੇ ਮੇਲ ਤੋਂ ਹੋਈ ਹੈ।


ਅਹਿਮ ਵੇਰਵਾ-


ਦੁੱਧ ਉਤਪਦਾਨ 1,200 ਤੋਂ 1,500 ਕਿਲੋਗ੍ਰਾਮ


ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਪਗ 7%


ਭਦਾਵਰੀ: ਇਹ ਵਿਸ਼ਵ ਦੀ ਇੱਕ ਵਿਲੱਖਣ ਨਸਲ ਕਿਉਂਕਿ ਸਾਰੀਆਂ ਗਊ ਜਾਤੀਆਂ ਵਿੱਚੋਂ ਸਭ ਤੋਂ ਵੱਧ ਚਿਕਨਾਈ ਇਸ ਦੇ ਦੁੱਧ ’ਚ ਹੀ ਪਾਈ ਜਾਂਦੀ ਹੈ। ਇਸ ਨਸਲ ਦਾ ਜੱਦੀ ਇਲਾਕਾ ਉੱਤਰ ਪ੍ਰਦੇਸ਼ ਦੀ ਭਦਾਵਰੀ ਤਹਿਸੀਲ, ਜ਼ਿਲ੍ਹਾ ਆਗਰਾ ਤੇ ਜ਼ਿਲ੍ਹਾ ਇਟਾਵਾ ਹੈ। ਇਹ ਵੀ ਬੇਜ਼ਮੀਨੇ ਕਿਸਾਨਾਂ ਦੀ ਪਸੰਦ ਹੈ। ਇਸ ਨੂੰ ਭਾਰਤ ਵਿੱਚ ‘ਘਿਓ ਦਾ ਕਟੋਰਾ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।


ਅਹਿਮ ਵੇਰਵਾ-


ਔਸਤ ਦੁੱਧ ਉਤਪਾਦਨ  800 ਕਿਲੋਗ੍ਰਾਮ


ਦੁੱਧ ਵਿੱਚ ਚਿਕਨਾਈ ਦੀ ਮਾਤਰਾ ਲਗਪਗ 13%


ਗੋਦਾਵਰੀ: ਇਸ ਨਸਲ ਦਾ ਜੱਦੀ ਇਲਾਕਾ ਆਂਧਰਾ ਪ੍ਰਦੇਸ਼ ਦੇ ਪੂਰਬ ਤੇ ਪੱਛਮੀ ਗੋਦਾਵਰੀ ਜ਼ਿਲ੍ਹੇ ਹਨ। ਇਹ ਨਸਲ ਚੰਗੇ ਦੁੱਧ ਉਤਪਾਦਨ ਤੇ ਚੰਗੀ ਦੁੱਧ ਚਿਕਨਾਈ ਲਈ ਜਾਣੀ ਜਾਂਦੀ ਹੈ। ਇਹ ਨਸਲ ਰੋਗਾਂ ਨਾਲ ਲੜਨ ਦੀ ਬਹੁਤ ਜ਼ਿਆਦਾ ਸਮਰੱਥਾ ਰੱਖਦੀ ਹੈ। ਇਸ ਦਾ ਔਸਤ ਦੁੱਧ ਉਤਪਾਦਨ 2,150 ਕਿਲੋਗ੍ਰਾਮ 305 ਦਿਨਾਂ ਵਿੱਚ ਹੁੰਦਾ ਹੈ।


ਨਾਗਪੁਰੀ: ਇਸ ਨਸਲ ਦੀ ਦੋਹਰੀ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦਾ ਨਰ ਆਵਾਜਾਈ ਲਈ ਉਪਯੋਗੀ ਹੈ ਤੇ ਮਾਦਾ ਚੰਗੀ ਦੁਧਾਰੂ ਹੈ। ਇਸ ਨਸਲ ਦਾ ਜੱਦੀ ਇਲਾਕਾ ਮਹਾਰਾਸ਼ਟਰ ਹੈ। ਇਸ ਦਾ ਔਸਤ ਦੁੱਧ ਉਤਪਾਦਨ 1,060 ਕਿਲੋਗ੍ਰਾਮ ਹੈ।


ਸਾਂਭਲਪੁਰੀ: ਇਸ ਨਸਲ ਦਾ ਜੱਦੀ ਇਲਾਕਾ ਓਡੀਸ਼ਾ ਦਾ ਸਾਂਭਲਪੁਰ ਜ਼ਿਲ੍ਹਾ ਹੈ। ਇਹ ਨਸਲ ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ’ਚ ਵੀ ਪਾਈ ਜਾਂਦੀ ਹੈ। ਇਸ ਦਾ ਵੀ ਦੋਹਰਾ ਪ੍ਰਯੋਗ ਕੀਤਾ ਜਾ ਸਕਦਾ ਹੈ। ਇਸ ਦਾ ਦੁੱਧ ਉਤਪਾਦਨ 2,300 ਤੋਂ 2,700 ਕਿਲੋਗ੍ਰਾਮ 340 ਤੋਂ 370 ਦਿਨਾਂ ਵਿੱਚ ਹੁੰਦਾ ਹੈ।


ਤਰਾਈ: ਇਹ ਦਰਮਿਆਨੇ ਆਕਾਰ ਦੀ ਨਸਲ ਹੈ ਤੇ ਘੱਟ ਚਾਰੇ ਵਿੱਚ ਵੀ ਵਾਜਬ ਮਾਤਰਾ ’ਚ ਦੁੱਧ ਦਿੰਦੀ ਹੈ। ਇਹ ਨਸਲ ਉੱਤਰ ਪ੍ਰਦੇਸ਼ ਦੇ ਤਰਾਈ ਇਲਾਕਿਆਂ ਤੇ ਉੱਤਰਾਖੰਡ ਵਿੱਚ ਪਾਈ ਜਾਂਦੀ ਹੈ। ਔਸਤ ਦੁੱਧ ਉਤਪਾਦਨ 1,030 ਕਿਲੋਗ੍ਰਾਮ ਹੁੰਦਾ ਹੈ।


ਟੋਡਾ: ਇਸ ਨਸਲ ਦਾ ਨਾਂ ਦੱਖਣੀ ਭਾਰਤ ਦੇ ਟੋਡਾ ਆਦਿਵਾਸੀਆਂ ਦੇ ਨਾਂਅ ’ਤੇ ਹੈ। ਇਸ ਨਸਲ ਦਾ ਜੱਦੀ ਇਲਾਕਾ ਤਾਮਿਲਨਾਡੂ ਦੀਆਂ ਨੀਲਗਿਰੀ ਪਹਾੜੀਆਂ ਹਨ। ਔਸਤ ਦੁੱਧ ਉਤਪਾਦਨ 500 ਕਿਲੋਗ੍ਰਾਮ ਹੁੰਦਾ ਹੈ।


ਸਾਥਕਨਾਰਾ: ਇਹ ਦਰਮਿਆਨੇ ਆਕਾਰ ਦੀ ਪ੍ਰਚੱਲਿਤ ਨਸਲ ਹੈ। ਇਹ ਨਸਲ ਕਰਨਾਟਕ ਦੇ ਬੰਗਲੌਰ ਜ਼ਿਲ੍ਹੇ ਦੇ ਸਮੁੰਦਰੀ ਕੰਢਿਆਂ ਵਾਲੇ ਖੇਤਰ ਵਿੱਚ ਪਾਈ ਜਾਂਦੀ ਹੈ। ਇਸ ਦਾ ਔਸਤ ਦੁੱਧ ਉਤਪਾਦਨ 600 ਤੋਂ 800 ਕਿਲੋਗ੍ਰਾਮ 185 ਤੋਂ 260 ਦਿਨਾਂ ਵਿੱਚ ਹੁੰਦਾ ਹੈ।


ਇਹ ਵੀ ਪੜ੍ਹੋ: Tractor Care Tips: ਮਹਿੰਗਾ ਹੋਇਆ ਡੀਜ਼ਲ, ਇੰਝ ਵਧਾਓ ਆਪਣੇ ਟ੍ਰੈਕਟਰ ਦੀ ਮਾਈਲੇਜ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904