ਨਵੀਂ ਦਿੱਲੀ: ਟਰਾਂਸਪੋਰਟ ਦੇ ਕਾਰੋਬਾਰ 'ਤੇ ਵੀ ਤਾਲਾਬੰਦੀ ਦਾ ਕਾਫੀ ਅਸਰ ਪਿਆ ਹੈ। ਆਮ ਨਾਲੋਂ ਕਾਫੀ ਘੱਟ ਗਿਣਤੀ ਵਿੱਚ ਟਰੱਕ ਸੜਕਾਂ 'ਤੇ ਦਿਖਾਈ ਦੇ ਰਹੇ ਹਨ ਪਰ ਹੁਣ ਕੇਂਦਰ ਸਰਕਾਰ ਨੇ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਨੂੰ ਬੇਰੋਕ ਆਉਣ-ਜਾਣ ਦੀ ਖੁੱਲ੍ਹ ਦੇ ਦਿੱਤੀ ਹੈ। ਪਹਿਲਾਂ ਜ਼ਰੂਰੀ ਵਸਤਾਂ ਨੂੰ ਇੱਕ ਸੂਬੇ ਤੋਂ ਦੂਜੇ ਸੂਬੇ ਵਿੱਚ ਲਿਜਾਣ ਵਾਸਤੇ ਵਾਹਨਾਂ ਨੂੰ ਪ੍ਰਵਾਨਗੀ ਜਾਂ ਪਾਸ ਹਾਸਲ ਕਰਨਾ ਪੈਂਦਾ ਸੀ, ਪਰ ਕੇਂਦਰ ਸਰਕਾਰ ਨੇ ਹੁਣ ਇਸ ਨੂੰ ਬਦਲ ਦਿੱਤਾ ਹੈ।

ਗ੍ਰਹਿ ਸਕੱਤਰ ਅਜੈ ਭੱਲਾ ਵੱਲੋਂ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਜਾਰੀ ਹੁਕਮਾਂ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ’ਤੇ ਕਿਹਾ ਗਿਆ ਹੈ ਕਿ ‘ਦੇਸ਼ ਵਿੱਚ ਅੰਤਰਰਾਜੀ ਸਰਹੱਦਾਂ ’ਤੇ ਵੱਖਰੇ ਪਾਸਾਂ ਲਈ ਜ਼ੋਰ ਨਾ ਪਾਇਆ ਜਾਵੇ।’ ਨਵੇਂ ਹੁਕਮਾਂ ਵਿੱਚ ਜ਼ਰੂਰੀ ਵਸਤਾਂ ਦੀ ਡਿਲਿਵਰੀ ਜਾਂ ਉਸ ਨੂੰ ਚੁੱਕਣ ਲਈ ਜਾ ਰਹੇ ਖਾਲੀ ਵਾਹਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਹੁਕਮਾਂ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਅਰਥਚਾਰੇ ਨੂੰ ਹੁਲਾਰਾ ਦੇਣ ਤੇ ਨੋਵੇਲ ਕਰੋਨਾਵਾਇਰਸ ਮਹਾਮਾਰੀ ਦਰਮਿਆਨ ਲੋਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਚੇਨ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੈ।