Haryana News : ਹਰਿਆਣਾ ਦੇ ਨੂਹ ਜ਼ਿਲ੍ਹੇ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐਚਪੀ) ਦੇ ਸੋਭਾ ਯਾਤਰਾ ਨੂੰ ਰੋਕਣ ਦੀ ਕੋਸ਼ਿਸ਼ ਵਿਚ ਭੀੜ ਨੇ ਕਾਰਾਂ ਨੂੰ ਅੱਗ ਲਗਾ ਦਿੱਤੀ। ਇਸ ਦੌਰਾਨ ਹੋਮ ਗਾਰਡ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਪੁਲਿਸ ਮੁਲਾਜ਼ਮਾਂ ਸਮੇਤ 15 ਲੋਕ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲਾ ਕੇਂਦਰੀ ਬਲਾਂ ਦੀਆਂ 15 ਕੰਪਨੀਆਂ ਹਰਿਆਣਾ ਭੇਜ ਰਿਹਾ ਹੈ। ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਦੇ ਸੋਹਨਾ ਵਿੱਚ ਵੀ ਹਿੰਸਾ ਭੜਕ ਗਈ ਹੈ।


 

2,500 ਲੋਕਾਂ ਨੂੰ ਸੁਰੱਖਿਤ ਕੱਢਿਆ 


ਜਿਵੇਂ ਹੀ ਮੁਸਲਿਮ ਬਹੁਗਿਣਤੀ ਵਾਲੇ ਨੂਹ ਵਿੱਚ ਹਿੰਸਾ ਦੀ ਖ਼ਬਰ ਫੈਲ ਗਈ, ਗੁਆਂਢੀ ਗੁਰੂਗ੍ਰਾਮ ਜ਼ਿਲ੍ਹੇ ਦੇ ਸੋਹਨਾ ਵਿੱਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਦੀ ਭੀੜ ਨੇ ਚਾਰ ਵਾਹਨਾਂ ਅਤੇ ਇੱਕ ਦੁਕਾਨ ਨੂੰ ਅੱਗ ਲਗਾ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਸੜਕ 'ਤੇ ਘੰਟਿਆਂ ਬੱਧੀ ਆਵਾਜਾਈ ਠੱਪ ਕੀਤੀ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਪੁਲਿਸ ਨੇ ਨੂਹ ਦੇ ਇੱਕ ਸ਼ਿਵ ਮੰਦਰ ਤੋਂ ਲਗਭਗ 2,500 ਪੁਰਸ਼ਾਂ, ਔਰਤਾਂ ਅਤੇ ਬੱਚਿਆਂ ਨੂੰ ਬਾਹਰ ਕੱਢਿਆ। ਇਨ੍ਹਾਂ ਵਿਚ ਸ਼ਰਧਾਲੂ ਅਤੇ ਉਹ ਲੋਕ ਵੀ ਸ਼ਾਮਲ ਸਨ, ਜਿਨ੍ਹਾਂ ਨੇ ਦੋਵਾਂ ਧਿਰਾਂ ਵਿਚਾਲੇ ਝੜਪ ਦੌਰਾਨ ਉਥੇ ਸ਼ਰਨ ਲਈ ਸੀ।

 

ਮੋਬਾਈਲ ਇੰਟਰਨੈੱਟ ਸੇਵਾਵਾਂ ਬੁੱਧਵਾਰ ਤੱਕ ਬੰਦ


ਨੂਹ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਵਿੱਚ ਮਨਾਹੀ ਦੇ ਹੁਕਮ ਲਾਗੂ ਕੀਤੇ ਗਏ ਹਨ, ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਗਈ ਹੈ। ਨੂਹ ਅਤੇ ਫਰੀਦਾਬਾਦ ਵਿੱਚ ਬੁੱਧਵਾਰ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਾਵਧਾਨੀ ਦੇ ਤੌਰ 'ਤੇ ਮੰਗਲਵਾਰ ਨੂੰ ਗੁਰੂਗ੍ਰਾਮ, ਫਰੀਦਾਬਾਦ ਅਤੇ ਪਲਵਲ ਜ਼ਿਲਿਆਂ ਦੇ ਵਿਦਿਅਕ ਅਦਾਰਿਆਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਵਿਜ ਨੇ ਦੱਸਿਆ ਕਿ ਨੂਹ ਦੇ ਹਸਪਤਾਲ 'ਚ ਇਕ ਵਿਅਕਤੀ ਨੂੰ ਮ੍ਰਿਤਕ ਲਿਆਂਦਾ ਗਿਆ ਹੈ ਜਦਕਿ 16 ਹੋਰਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

 

2 ਹੋਮਗਾਰਡ ਜਵਾਨ ਸ਼ਹੀਦ


ਗੁਰੂਗ੍ਰਾਮ ਦੇ ਪੁਲਿਸ ਕਮਿਸ਼ਨਰ ਕਾਲਾ ਰਾਮਚੰਦਰਨ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਦੇ ਦੋ ਹੋਮਗਾਰਡ ਜਵਾਨ ਨੂਹ ਦੇ ਨਾਲ ਲੱਗਦੇ ਇਲਾਕੇ ਵਿੱਚ ਹੋਈ ਹਿੰਸਾ ਵਿੱਚ ਮਾਰੇ ਗਏ ਸਨ। ਅਧਿਕਾਰੀ ਨੇ ਦੱਸਿਆ ਕਿ ਨੂਹ ਹਿੰਸਾ 'ਚ ਕਰੀਬ 10 ਪੁਲਸ ਕਰਮਚਾਰੀ ਜ਼ਖਮੀ ਹੋਏ ਹਨ। ਇਕ ਹੋਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਹੋਮਗਾਰਡ ਜਵਾਨ ਨੀਰਜ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਹਿੰਸਾ ਵਿੱਚ ਮਾਰੇ ਗਏ ਦੂਜੇ ਹੋਮਗਾਰਡ ਜਵਾਨ ਦੀ ਪਛਾਣ ਗੁਰਸੇਵਕ ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਅੱਠ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿੱਚੋਂ ਹੋਡਲ ਦੇ ਪੁਲਿਸ ਸਬ-ਇੰਸਪੈਕਟਰ ਸੱਜਣ ਸਿੰਘ ਦੇ ਸਿਰ ਵਿੱਚ ਅਤੇ ਇੱਕ ਇੰਸਪੈਕਟਰ ਦੇ ਢਿੱਡ ਵਿੱਚ ਗੋਲੀ ਲੱਗੀ ਹੈ।

 

ਕੇਂਦਰ ਤੋਂ ਰੈਪਿਡ ਐਕਸ਼ਨ ਫੋਰਸ ਦੀ ਮੰਗ


ਇਸ ਦੌਰਾਨ ਹਰਿਆਣਾ ਸਰਕਾਰ ਨੇ ਨੂਹ ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਕੇਂਦਰ ਤੋਂ ਰੈਪਿਡ ਐਕਸ਼ਨ ਫੋਰਸ ਦੀਆਂ 20 ਕੰਪਨੀਆਂ ਇੱਕ ਹਫ਼ਤੇ ਲਈ ਮੰਗੀਆਂ ਹਨ। ਕੇਂਦਰੀ ਗ੍ਰਹਿ ਸਕੱਤਰ ਨੂੰ ਲਿਖੇ ਪੱਤਰ ਵਿੱਚ ਹਰਿਆਣਾ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਟੀਵੀਐਸਐਨ ਪ੍ਰਸਾਦ ਨੇ ਆਰਏਐਫ ਦੀਆਂ 20 ਕੰਪਨੀਆਂ ਨੂੰ 31 ਜੁਲਾਈ ਤੋਂ ਇੱਕ ਹਫ਼ਤੇ ਲਈ ‘ਤੁਰੰਤ’ ਮੰਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ‘ਹਰਿਆਣਾ ਏਕ ਹਰਿਆਣਵੀ ਏਕ’ ਦਾ ਨਾਅਰਾ ਦਿੰਦਿਆਂ ਨੂਹ ਵਿੱਚ ਸ਼ਾਂਤੀ ਦੀ ਅਪੀਲ ਕੀਤੀ।


ਗ੍ਰਹਿ ਮੰਤਰੀ ਵਿਜ ਨੇ ਸ਼ਾਂਤੀ ਬਣਾਈ ਰੱਖਣ ਦੀ ਕੀਤੀ ਅਪੀਲ


ਮਾਨੇਸਰ ਨੇ 'ਪੀਟੀਆਈ-ਭਾਸ਼ਾ' ਨੂੰ ਦੱਸਿਆ ਕਿ ਉਸ ਨੇ ਵੀਐਚਪੀ ਦੀ ਸਲਾਹ 'ਤੇ ਸੋਭਾ ਯਾਤਰਾ ਵਿਚ ਹਿੱਸਾ ਨਹੀਂ ਲਿਆ, ਕਿਉਂਕਿ ਉਸ ਨੂੰ ਡਰ ਸੀ ਕਿ ਉਸ ਦੀ ਮੌਜੂਦਗੀ ਤਣਾਅ ਪੈਦਾ ਕਰ ਸਕਦੀ ਹੈ। ਕਥਿਤ ਤੌਰ 'ਤੇ ਟਵਿੱਟਰ 'ਤੇ ਉਸ ਨੂੰ ਨੂਹ ਕੋਲ ਆਉਣ ਦੀ ਚੁਣੌਤੀ ਦੇਣ ਲਈ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਗ੍ਰਹਿ ਮੰਤਰੀ ਵਿਜ ਨੇ ਕਿਹਾ ਕਿ ਉਹ ਲਗਾਤਾਰ ਸੀਨੀਅਰ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਵਿਜ ਨੇ ਪੀਟੀਆਈ-ਭਾਸ਼ਾ ਨੂੰ ਦੱਸਿਆ, “ਸਾਡੀ ਪਹਿਲੀ ਤਰਜੀਹ ਸਥਿਤੀ ਨੂੰ ਕਾਬੂ ਵਿਚ ਲਿਆਉਣਾ ਹੈ। ਅਸੀਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰ ਰਹੇ ਹਾਂ। ਵਿਜ ਨੇ ਕਿਹਾ ਕਿ ਉਨ੍ਹਾਂ ਨੇ ਪੁਲਿਸ ਡਾਇਰੈਕਟਰ ਜਨਰਲ, ਵਧੀਕ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ।


ਹੁੱਡਾ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਕੀਤੀ ਅਪੀਲ  


ਵਿਰੋਧੀ ਪਾਰਟੀਆਂ ਕਾਂਗਰਸ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਨੇ ਸੋਮਵਾਰ ਨੂੰ ਨੂਹ ਹਿੰਸਾ ਨੂੰ ਲੈ ਕੇ ਹਰਿਆਣਾ ਦੀ ਭਾਜਪਾ-ਜੇਜੇਪੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਦੋਸ਼ ਲਗਾਇਆ ਕਿ ਸੱਤਾਧਾਰੀ ਗਠਜੋੜ ਕਾਨੂੰਨ ਵਿਵਸਥਾ ਦੇ ਮੋਰਚੇ 'ਤੇ ਅਸਫਲ ਰਿਹਾ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਵੀ ਲੋਕਾਂ ਨੂੰ ਸ਼ਾਂਤੀ ਅਤੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ। ਨੂਹ ਦੇ ਵਿਧਾਇਕ ਆਫਤਾਬ ਅਹਿਮਦ ਅਤੇ ਸਾਬਕਾ ਵਿਧਾਇਕ ਜ਼ਾਕਿਰ ਹੁਸੈਨ ਨੇ ਵੀ ਅਜਿਹੀ ਹੀ ਅਪੀਲ ਕੀਤੀ ਹੈ।