ਜਲੰਧਰ: ਨਨ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਘਿਰੇ ਜਲੰਧਰ ਡਾਇਓਸਿਸ ਦੇ ਬਿਸ਼ਪ ਫਰੈਂਕੋ ਮੁਲੱਕਲ ਨੇ ਆਰਜ਼ੀ ਤੌਰ 'ਤੇ ਆਪਣਾ ਅਹੁਦਾ ਤਿਆਗ ਦਿੱਤਾ ਹੈ। ਉਨ੍ਹਾਂ ਦੀ ਥਾਂ 'ਤੇ ਹੁਣ ਮੈਥਿਊ ਕੋਕੰਡਮ ਡਾਓਸਿਸ ਦਾ ਕੰਮਕਾਜ ਦੇਖਣਗੇ। ਜਲੰਧਰ ਡਾਇਓਸਿਸ ਤਹਿਤ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਚਰਚ ਆਉਂਦੇ ਹਨ। ਖ਼ਬਰਾਂ ਹਨ ਕਿ ਮੁਲੱਕਲ ਨੇ ਅਜਿਹਾ ਕਦਮ ਵੈਟਿਕਨ ਤੋਂ ਪਏ ਦਬਾਅ ਕਾਰਨ ਚੁੱਕਿਆ ਹੈ।
ਦਰਅਸਲ, ਬਿਸ਼ਪ ਨੂੰ ਬੀਤੇ ਦਿਨੀਂ ਕੇਰਲ ਪੁਲਿਸ ਨੇ ਸੰਮਣ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਮੁਲੱਕਲ ਡਾਇਓਸਿਸ ਦੀ ਪ੍ਰਸ਼ਾਸਨਿਕ ਅਹੁਦੇਦਾਰੀ ਤੋਂ ਖ਼ੁਦ ਹੀ ਲਾਂਭੇ ਹੋ ਗਏ ਹਨ। ਮੁਲੱਕਲ ਨੇ ਆਪਣੇ ਅਧੀਨ ਸਾਰੇ ਗਿਰਜਾਘਰਾਂ ਦੇ ਪਾਦਰੀਆਂ ਤੇ ਹੋਰ ਅਹੁਦੇਦਾਰਾਂ ਤੇ ਕਰਮਚਾਰੀਆਂ ਨੂੰ ਅਧਿਕਾਰਤ ਸੂਚਨਾ ਜਾਰੀ ਕਰ ਦੱਸਿਆ ਕਿ ਨਵੇਂ ਪ੍ਰਸ਼ਾਸਕ ਡਾਇਓਸਿਸ ਦੇ ਸਾਰੇ ਕੰਮਕਾਜ ਨੂੰ ਸੁਚਾਰੂ ਰੂਪ ਵਿੱਚ ਚਲਾਉਣਗੇ। ਆਪਣੇ ਇਸ ਅਧਿਕਾਰਤ ਸੁਨੇਹੇ ਵਿੱਚ ਮੁਲੱਕਲ ਨੇ ਦੋ ਪਾਦਰੀਆਂ ਦੀਆਂ ਨਿਯੁਕਤੀਆਂ ਵੀ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਬਿਸ਼ਪ ਫਰੈਂਕੋ ਮੁਲੱਕਲ 'ਤੇ ਕੇਰਲ ਦੀ ਨਨ ਨੇ 13 ਵਾਰ ਬਲਾਤਕਾਰ ਕਰਨ ਦੇ ਇਲਜ਼ਾਮ ਲਾਏ ਹਨ। ਇ ਮਾਮਲੇ ਵਿੱਚ ਕੇਰਲ ਪੁਲਿਸ ਮੁਲੱਕਲ ਤੋਂ ਪੁੱਛ-ਗਿੱਛ ਵੀ ਕਰ ਚੁੱਕੀ ਹੈ। ਹਾਲਾਂਕਿ, ਮੁਲੱਕਲ ਨੇ ਜਾਂਚ ਵਿੱਚ ਸ਼ਾਮਲ ਹੋਣ ਲਈ ਪ੍ਰਸ਼ਾਸਨਿਕ ਅਹੁਦੇਦਾਰੀ ਹੀ ਛੱਡੀ ਹੈ, ਜਦਕਿ ਬਤੌਰ ਧਰਮ ਗੁਰੂ ਉਹ ਆਪਣਾ ਕੰਮਕਾਜ ਜਾਰੀ ਰੱਖ ਸਕਦੇ ਹਨ।