ਬੰਗਲੁਰੂ: ਕਰਨਾਟਕ ਦੇ ਟਰਾਂਸਪੋਰਟ ਵਿਭਾਗ ਨੇ ਲਾਇਸੈਂਸ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਅਗਲੇ ਛੇ ਮਹੀਨਿਆਂ ਤਕ ਓਲਾ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਵਿਭਾਗ ਨੇ ਕੰਪਨੀ ਨੂੰ ਇਸ ਹੁਕਮਾ ਬਾਅਦ ਤਿੰਨ ਦਿਨਾਂ ਅੰਦਰ ਆਪਣਾ ਲਾਇਸੈਂਸ ਵਿਭਾਗ ਕੋਲ ਜਮ੍ਹਾ ਕਰਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਫੌਰੀ ਤੌਰ ’ਤੇ ਕੰਪਨੀ ਨੂੰ ਆਪਣੀ ਟੈਕਸੀ ਸੇਵਾ ਦੀ ਬੁਕਿੰਗ ਰੋਕਣ ਲਈ ਕਿਹਾ ਗਿਆ ਸੀ।
ਦੱਸ ਦੇਈਏ ਕਿ ਓਲਾ ਐਪ ਟੈਕਸੀ ਬੁਕਿੰਗ ਦੇਣ ਵਾਲੀ ਮੁੱਖ ਕੰਪਨੀ ਹੈ। ਪਰ ਹੁਣ ਬੰਗਲੁਰੂ ਵਿੱਚ ਕੰਪਨੀ ਅਗਲੇ ਛੇ ਮਹੀਨਿਆਂ ਲਈ ਸੇਵਾ ਨਹੀਂ ਦੇ ਸਕੇਗੀ। ਡਿਪਟੀ ਟ੍ਰਾਂਸਪੋਰਟ ਕਮਿਸ਼ਨਰ ਤੇ ਸੀਨੀਅਰ ਖੇਤਰੀ ਟਰਾਂਸਪੋਰਟ ਅਧਿਕਾਰੀ, ਬੈਂਗਲੁਰੂ (ਦੱਖਣੀ) ਦੀ ਰਿਪੋਰਟ ਦੇ ਆਧਾਰ 'ਤੇ ਕੰਪਨੀ ਦਾ ਲਾਇਸੈਂਸ ਛੇ ਮਹੀਨੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ਟਰਾਂਸਪੋਰਟ ਵਿਭਾਗ ਦਾ ਇਲਜ਼ਾਮ ਹੈ ਕਿ ਓਲਾ ਚਲਾਉਣ ਵਾਲੀ ਕੰਪਨੀ ਐਨੀ ਟੈਕਨਾਲੋਜੀਜ਼ ਪ੍ਰਾਈਵੇਟ ਲਿਮਟਿਡ ਬੈਂਗਲੁਰੂ ਨੇ ਕਰਨਾਟਕ ਆਨ-ਡਿਮਾਂਡ ਟ੍ਰਾਂਸਪੋਰਟੇਸ਼ਨ ਟੈਕਨਾਲੋਜੀ ਐਗਰੀਗ੍ਰੇਟਰਸ ਨਿਯਮ-2016 ਦੀ ਉਲੰਘਣਾ ਕੀਤੀ ਹੈ।
ਇਸ ਸਬੰਧੀ ਓਲਾ ਨੇ ਕਿਹਾ ਕਿ ਉਹ ਕਾਨੂੰਨ ਦਾ ਪਾਲਣ ਕਰਨ ਵਾਲੀ ਕੰਪਨੀ ਹੈ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਮਸਲੇ ਦਾ ਸੁਚਾਰੂ ਤਰੀਕੇ ਨਾਲ ਹੱਲ ਕਰਨ ਲਈ ਸਾਰੇ ਵਿਕਲਪਾਂ ’ਤੇ ਕੰਮ ਕਰ ਰਹੀ ਹੈ।