ਨਵੀਂ ਦਿੱਲੀ: ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਇਨੈਲੋ ਪਾਰਟੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਨੇ ਆਪਣੇ ਪੁੱਤਰ ਅਜੈ ਚੌਟਾਲਾ ਨੂੰ ਵੀ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਓਮ ਪ੍ਰਕਾਸ਼ ਵੱਲੋਂ ਉਨ੍ਹਾਂ ਦੀ ਬਰਖ਼ਾਸਤਗੀ ਦੀ ਚਿੱਠੀ ਵੀ ਜਾਰੀ ਕੀਤੀ ਗਈ ਹੈ ਜਿਸ ਨੂੰ ਹਰਿਆਣਾ ਤੋਂ ਪਾਰਟੀ ਦੇ ਪ੍ਰਧਾਨ ਅਸ਼ੋਕ ਅਰੋੜਾ ਨੇ ਚੰਡੀਗੜ੍ਹ ਵਿੱਚ ਪੜ੍ਹ ਕੇ ਸੁਣਾਇਆ।
ਯਾਦ ਰਹੇ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਆਪਣੇ ਪੋਤਿਆਂ ਦੁਸ਼ਯੰਤ ਚੌਟਾਲਾ ਤੇ ਦਿਗਵਿਜੈ ਚੌਟਾਲਾ ਨੂੰ ਵੀ ਪਾਰਟੀ ਵਿੱਚੋਂ ਬਰਖ਼ਾਸਤ ਕਰ ਦਿੱਤਾ ਸੀ। ਇਨੈਲੋ ਪਾਰਟੀ ਤੋਂ ਦਾਦੇ ਵੱਲੋਂ ਪੋਤਿਆਂ ਨੂੰ ਬਾਹਰ ਦਾ ਰਾਹ ਦਿਖਾਉਣ ਪਿੱਛੋਂ ਪਾਰਟੀ ਵਿੱਚ ਬਗ਼ਾਵਤ ਲਗਾਤਾਰ ਭਖ ਰਹੀ ਸੀ। ਪਾਰਟੀ ਵਰਕਰ ਦੁਸ਼ਯੰਤ ਦੇ ਹੱਕ ਵਿੱਚ ਕਾਲ਼ੀਆਂ ਪੱਟੀਆਂ ਬੰਨ੍ਹ ਕੇ ਧਰਨੇ ’ਤੇ ਬੈਠ ਗਏ ਸਨ। ਦੁਸ਼ਯੰਤ ਨੇ ਵੀ ਦਾਅਵਾ ਕੀਤਾ ਸੀ ਕਿ ਪਾਰਟੀ ਦੀ ਕੌਮੀ ਕਾਰਜਕਰਨੀ ਦੀ ਬੈਠਕ ਨਹੀਂ ਹੋਈ ਤੇ ਨਾ ਹੀ ਪਾਰਟੀ ਪ੍ਰਧਾਨ ਓਮ ਪ੍ਰਕਾਸ਼ ਚੌਟਾਲਾ ਵੱਲੋਂ ਬਰਖ਼ਸਤਗੀ ਦੇ ਕੋਈ ਹੁਕਮ ਜਾਰੀ ਹੋਏ ਸਨ।
ਅਜੈ ਚੌਟਾਲਾ ਪੇਰੋਲ ’ਤੇ ਹਨ। 17 ਨਵੰਬਰ ਨੂੰ ਅਜੈ ਚੌਟਾਲਾ ਤੇ ਉਨ੍ਹਾਂ ਦੇ ਦੋਵਾਂ ਮੁੰਡਿਆਂ ਨੇ ਜੀਂਦ ਵਿੱਚ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕਰਨਾ ਹੈ। ਮੰਗਲਵਾਰ ਨੂੰ ਕਰਨਾਲ ਵਿੱਚ ਅਜੈ ਦੇ ਸਮਰਥਕਾਂ ਨੇ ਦੁਸ਼ਯੰਤ ਚੌਟਾਲਾ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਚੌਟਾਲਾ ਤੇ ਅਜੈ ਚੌਟਾਲਾ ਨੂੰ ਜੇਬੀਟੀ ਟੀਚਰ ਭਰਤੀ ਘਪਲੇ ਵਿੱਚ 10 ਸਾਲ ਦੀ ਸਜ਼ਾ ਹੋਈ ਹੈ।