ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਪਿਆਜ਼ ਦੀਆਂ ਕੀਮਤਾਂ ਦੋਹਰਾ ਸੈਂਕੜਾ ਲਾਉਣ ਲੱਗੀਆਂ ਹਨ। ਮੰਗ ਤੇ ਸਪਲਾਈ ਵਿੱਚ ਵੱਡੇ ਖੱਪੇ ਕਰਕੇ ਬੰਗਲੌਰ ਵਿੱਚ ਪਿਆਜ਼ 200 ਰੁਪਏ ਪ੍ਰਤੀ ਕਿਲੋ ਦੇ ਭਾਅ ਵਿਕਿਆ। ਉਂਝ ਇਸ ਤੋਂ ਪਹਿਲਾਂ ਵੀ ਕਈ ਥਾਵਾਂ 'ਤੇ 200 ਰੁਪਏ ਪ੍ਰਤੀ ਕਿੱਲੋ ਤੋਂ ਵੱਧ ਰੇਟ 'ਤੇ ਪਿਆਜ਼ ਵਿਕ ਰਿਹਾ ਹੈ ਪਰ ਸ਼ਨੀਵਾਰ ਨੂੰ ਜਦੋਂ ਬੰਗਲੌਰ ਵਿੱਚ 200 ਰੁਪਏ ਨੂੰ ਪਿਆਜ਼ ਵਿਕਿਆ ਤਾਂ ਲੋਕਾਂ ਦੇ ਸਾਹ ਸੂਤੇ ਗਏ।

ਸੂਬਾਈ ਖੇਤੀ ਮਾਰਕੀਟਿੰਗ ਅਫਸਰ ਨੇ ਦੱਸਿਆ ਕਿ ਥੋਕ ਬਾਜ਼ਾਰ ਵਿੱਚ ਪਿਆਜ਼ 5500 ਤੋਂ 14,000 ਪ੍ਰਤੀ ਕੁਇੰਟਲ ਵਿਕਣ ਮਗਰੋਂ ਬੰਗਲੂਰੂ ਦੀਆਂ ਪ੍ਰਚੂਨ ਦੁਕਾਨਾਂ ’ਤੇ ਪਿਆਜ਼ ਦੀ ਕੀਮਤ ਦੋ ਸੌ ਰੁਪਏ ਪ੍ਰਤੀ ਕਿਲੋ ਨੂੰ ਪੁੱਜ ਗਈ ਹੈ। ਉਂਜ ਅਸਮਾਨੀ ਪੁੱਜੀਆਂ ਕੀਮਤਾਂ ਕਰਕੇ ਪਿਆਜ਼ ਨਾ ਸਿਰਫ਼ ਘਰਾਂ ਬਲਕਿ ਤਕਨੀਕੀ ਹੱਬ ਕਹੇ ਜਾਂਦੇ ਸ਼ਹਿਰ ਦੇ ਰੇਸਤਰਾਵਾਂ ’ਚੋਂ ਵੀ ਗਾਇਬ ਹੋਣ ਲੱਗਾ ਹੈ। ਅਧਿਕਾਰੀ ਨੇ ਕਿਹਾ ਕਿ ਜਨਵਰੀ ਦੇ ਅੱਧ ਤਕ ਪਿਆਜ਼ ਕੀਮਤਾਂ ਵਿੱਚ ਕੁਝ ਰਾਹਤ ਮਿਲਣ ਦੇ ਆਸਾਰ ਹਨ।

ਉਧਰ, ਪਿਆਜ਼ ਦੇ ਭਾਅ ਵਧਣ ਕਰਕੇ ਮੀਟ ਦੀ ਖਪਤ ਘਟੀ ਹੈ। ਚਿਕਨ ਦਾ ਰੇਟ ਕਾਫੀ ਹੇਠਾਂ ਆ ਗਿਆ ਹੈ। ਪੋਲਟਰੀ ਫਾਰਮਾਰਾਂ ਦਾ ਕਹਿਣਾ ਪਹਿਲਾਂ ਕਸ਼ਮੀਰ ਵਿੱਚ ਵਿਗੜੇ ਹਾਲਾਤ ਤੇ ਹੁਣ ਪਿਆਜ਼ ਦੀਆਂ ਕੀਮਤਾਂ ਨੇ ਉਨ੍ਹਾਂ ਦੇ ਕਾਰੋਬਾਰ ਨੂੰ ਰੋਲ ਦਿੱਤਾ ਹੈ। ਉਨ੍ਹਾਂ ਮੰਨਿਆ ਕਿ ਪਿਛਲੇ ਹਫਤਿਆਂ ਵਿੱਚ ਪਿਆਜ਼ ਮਹਿੰਗਾ ਹੋਣ ਕਰਕੇ ਲੋਕਾਂ ਨੇ ਚਿਕਨ ਖਰੀਦੀਣਾ ਘਟਾ ਦਿੱਤਾ ਹੈ। ਦੱਸ ਦਈਏ ਕਿ ਚਿਕਨ ਵਿੱਚ ਸਭ ਤੋਂ ਵੱਧ ਪਿਆਜ਼ ਪੈਂਦਾ ਹੈ।