ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ 4 ਸਾਲਾਂ ਦੇ ਕਾਰਜਕਾਲ ਦੌਰਾਨ ਹੁਣ ਤਕ ਕਰੀਬ 1900 ਤੋਹਫੇ ਮਿਲੇ ਹਨ ਜਿਨ੍ਹਾਂ ਨੂੰ ਆਨਲਾਈਨ ਨੀਲਾਮ ਕੀਤਾ ਜਾਏਗਾ। ਇਨ੍ਹਾਂ ਵਿੱਚ ਪੱਗੜੀਆਂ, ਹਾਫ ਜੈਕੇਟ ਤੇ ਸ਼ਾਲ ਤੋਂ ਇਲਾਵਾ ਧਨੁਸ਼ ਤੇ ਹਨੂੰਮਾਨ ਦੀ ਗਧਾ ਵੀ ਸ਼ਾਮਲ ਹੈ। ਪਗੜੀ ਦੀ ਨੀਲਾਮੀ 800 ਤੇ ਸ਼ਾਲ ਦੀ 500 ਰੁਪਏ ਤੋਂ ਸ਼ੁਰੂ ਹੋਏਗੀ। ਇਹ ਸਾਰਾ ਸਾਮਾਨ openauction.gov.in ’ਤੇ ਬੋਲੀ ਲਾ ਕੇ ਖਰੀਦਿਆ ਜਾ ਸਕਦਾ ਹੈ।

ਪਹਿਲੀ ਬੋਲੀ 3 ਹਜ਼ਾਰ ਰੁਪਏ ਤੋਂ ਲੱਗੇਗੀ। ਇਨ੍ਹਾਂ ਤੋਹਫਿਆਂ ਵਿੱਚ ਸਭ ਤੋਂ ਮਹਿੰਗੀ ਚੀਜ਼ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ 10 ਹਜ਼ਾਰ ਰੁਪਏ ਤੇ ਧਾਗੇ ਤੋਂ ਬਣੀ ਇੱਕ ਫ੍ਰੇਮ ਪੇਂਟਿੰਗ ਦੀ ਨੀਲਾਮੀ 5 ਹਜ਼ਾਰ ਰੁਪਏ ਤੋਂ ਸ਼ੁਰੂ ਹੋਏਗੀ।

ਲੋਕ ਭਲਾਈ ਲਈ ਵਰਤੇ ਜਾਣਗੇ ਪੈਸੇ

ਨੈਸ਼ਨਲ ਗੈਲਰੀ ਆਨ ਮੌਡਰਨ ਆਰਟ ਇੰਡੀਆ ਗੇਟ ਗੋਲ ਚੱਕਰ ਵਿੱਚ ਪੀਐਮ ਦੇ ਤੋਹਫਿਆਂ ਦੀ ਪ੍ਰਦਰਸ਼ਨੀ ਲਾਈ ਗਈ ਹੈ। ਗੈਲਰੀ ਦੀ ਨਿਰਦੇਸ਼ਕ ਰਿਤੂ ਸ਼ਰਮਾ ਨੇ ਦੱਸਿਆ ਕਿ ਸਾਰੇ ਤੋਹਫੇ ਪੀਐਮਓ ਤੋਂ ਮੁੱਢਲੀ ਕੀਮਤ ਤੈਅ ਕਰਕੇ ਆਏ ਹਨ। ਇਹ ਪਹਿਲਾ ਮੌਕਾ ਹੈ ਜਦੋਂ ਪੀਐਮ ਦੇ ਤੋਹਫਿਆਂ ਦੀ ਨੀਲਾਮੀ ਕੀਤੀ ਜਾਏਗੀ ਤੇ ਸਾਰਾ ਪੈਸਾ ਕਲਿਆਣ ਦੇ ਕੰਮਾਂ ਲਈ ਵਰਤਿਆ ਜਾਏਗਾ।

ਪੀਐਮ ਮੋਦੀ ਨੂੰ ਮਿਲੀਆਂ ਖਾਸ ਚੀਜ਼ਾਂ

ਪੀਐਮ ਦੇ ਤੋਹਫਿਆਂ ਵਿੱਚ ਸਰਦਾਰ ਵੱਲਭ ਭਾਈ ਪਟੇਲ ਦਾ 46x92 ਫੋਟੋ ਫਰੇਮ ਹੈ ਇਸ ਦੀ ਬੋਲੀ 5 ਹਜ਼ਾਰ ਤੋਂ ਸ਼ੁਰੂ ਹੋਏਗੀ। ਇਸ ਤੋਂ ਇਲਾਵਾ ਆਨੰਦ ਜ਼ਿਲ੍ਹਾ ਭਾਜਪਾ ਵੱਲੋਂ ਦਿੱਤੀ ਪਟੇਲ ਦੀ 42 ਸੈਂਟੀਮੀਟਰ ਉੱਚੀ ਮੂਰਤੀ ਦੀ ਬੋਲੀ 10 ਹਜ਼ਾਰ ਰੁਪਏ ’ਚ ਸ਼ੁਰੂ ਹੋਏਗੀ।

ਪੀਐਮ ਨੂੰ ਸ਼ੀਸ਼ੇ ਵਿੱਚ ਬੰਦ 7 ਘੋੜਿਆਂ ਵਾਲਾ ਚਾਂਦੀ ਦਾ ਰਥ ਵੀ ਮਿਲਿਆ ਸੀ। ਇਸ ਦੀ ਨੀਲਾਮੀ ਹਜ਼ਾਰ ਰੁਪਏ ਤੋਂ ਲੱਗੇਗੀ। ਗ੍ਰਾਮ ਉਦੈ ਭਾਰਤ ਤੋਂ ਮਿਲੇ 4 ਘੋੜਿਆਂ ਵਾਲੇ ਰਥ ਦੀ ਬੋਲੀ 4 ਹਜ਼ਾਰ ਰੁਪਏ ਤੋਂ ਲੱਗੇਗੀ। ਇਨ੍ਹਾਂ ਵਿੱਚ ਭਗਵਾਨ ਰਾਮ ਦਾ ਧਨੁਸ਼, ਇਕਤਾਰਾ ਤੇ ਹਨੁਮਾਨ ਦੀ ਗਧਾ ਵੀ ਸ਼ਾਮਲ ਹਨ।