ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਮ ਆਦਮੀ ਪਾਰਟੀ 'ਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਨਰੇਂਦਰ ਮੋਦੀ ਤੇ ਬੀਜੇਪੀ ਲਈ 'ਜਿੱਤ ਦੇ ਦੁਆਰ ਖੋਲ੍ਹਣ' ਦਾ ਇਲਜ਼ਾਮ ਲਾਇਆ ਹੈ। ਪੂਰਬੀ ਦਿੱਲੀ ਤੋਂ ਕਾਂਗਰਸੀ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਰਾਹੁਲ ਨੇ ਕਿਹਾ ਕਿ ਮੋਦੀ ਨੂੰ ਆਪ ਨਹੀਂ, ਪਰ ਕਾਂਗਰਸ ਹਰਾ ਸਕਦੀ ਹੈ।


ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਜਿਹੇ ਵਾਅਦੇ ਕਰਦੇ ਹਨ, ਜਿਨ੍ਹਾਂ ਨੂੰ ਪੂਰਾ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ 2014 ਵਿੱਚ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਲਈ ਨਾਅਰਾ ਦਿੱਤੀ ਸੀ, 'ਅਰਵਿੰਦ ਕੇਜਰੀਵਾਲ ਤੇ ਪ੍ਰਧਾਨ ਮੰਤਰੀ ਲਈ ਨਰੇਂਦਰ ਮੋਦੀ।' ਨਰੇਂਦਰ ਮੋਦੀ ਲਈ (ਜਿੱਤ ਦੇ) ਆਮ ਆਦਮੀ ਪਾਰਟੀ ਵੱਲੋਂ ਬੂਹੇ ਖੋਲ੍ਹੇ ਗਏ।

ਕੌਮੀ ਰਾਜਧਾਨੀ ਦਿੱਲੀ ਵਿੱਚ ਇੱਕ ਹਫ਼ਤੇ ਵਿੱਚ ਰਾਹੁਲ ਗਾਂਧੀ ਦੀ ਇਹ ਦੂਜੀ ਰੈਲੀ ਹੈ। ਬੁੱਧਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਵੀ ਆਪਣੀ ਪਾਰਟੀ ਦੇ ਉੱਤਰ ਪੂਰਬੀ ਦਿੱਲੀ ਤੇ ਦੱਖਣੀ ਦਿੱਲੀ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਰੋਡ ਸ਼ੋਅ ਕੀਤੇ ਸੀ।