ਚੰਡੀਗੜ੍ਹ: ਅਮਰੀਕਾ ਤੇ ਚੀਨ ਵਿਚਾਲੇ ਵਪਾਰਕ ਮਸਲੇ ਸੁਲਝਾਉਣ ਲਈ ਹੋ ਰਹੀ ਪ੍ਰਗਤੀ ਤੇ ਕੱਚਾ ਤੇਲ ਉਦਪਾਦਕ ਤੇ ਨਿਰਯਾਤਕ ਦੇਸ਼ਾਂ ਦੇ ਸਮੂਹ ਓਪੇਕ ਵੱਲੋਂ ਤੇਲ ਉਤਪਾਦਨ ਵਿੱਚ ਕਟੌਤੀ ਅੱਗੇ ਜਾਰੀ ਰੱਖਣ ਦੀ ਸਹਿਮਤੀ ਦੀ ਸੰਭਾਵਨਾ ਹੈ। ਇਸ ਨਾਲ ਕੌਮਾਂਤਰੀ ਬਾਜ਼ਾਰਾਂ ਵਿੱਚ ਕੱਚੇ ਤੇਲ ਦੇ ਭਾਅ ਵਿੱਚ ਤੇਜ਼ੀ ਦਾ ਰੁਖ਼ ਬਣਿਆ ਰਹਿ ਸਕਦਾ ਹੈ। ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦਾ ਭਾਅ ਵਧਣ ਨਾਲ ਭਾਰਤ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋ ਸਕਦਾ ਹੈ।


ਸਾਊਦੀ ਅਰਬ ਦੀ ਸਰਕਾਰੀ ਕੰਪਨੀ ਸਾਊਦੀ ਅਰਾਮਕੋ ਦੇ ਤੇਲ ਭੰਡਾਰ 'ਤੇ ਸਤੰਬਰ 'ਚ ਹੋਏ ਹਮਲੇ ਮਗਰੋਂ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਭਾਅ ਵਿੱਚ ਜ਼ੋਰਦਾਰ ਉਛਾਲ ਆਇਆ ਸੀ। ਇਸ ਕਰਕੇ ਭਾਰਤ ਵਿੱਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਵੇਖਣ ਨੂੰ ਮਿਲਿਆ ਸੀ। ਅਕਤੂਬਰ ਦੀ ਸ਼ੁਰੂਆਤ ਵਿੱਚ ਪੈਟਰੋਲ ਦਾ ਭਾਅ ਇਸ ਸਾਲ ਦੇ ਸਭ ਤੋਂ ਉੱਚੇ ਪੱਧਰ 'ਤੇ ਚਲਾ ਗਿਆ ਸੀ।