Operation Sindoor New Video: ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਭਾਰਤ ਨੇ ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਲਈ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ। ਇਸ ਸੰਬੰਧੀ ਲਗਾਤਾਰ ਅਪਡੇਟਸ ਆ ਰਹੇ ਹਨ। ਪਹਿਲਾਂ ਫੌਜ ਨੇ ਵੀਡੀਓ ਅਤੇ ਫੋਟੋਆਂ ਜਾਰੀ ਕਰਕੇ ਇਸ ਕਾਰਵਾਈ ਬਾਰੇ ਜਾਣਕਾਰੀ ਦਿੱਤੀ। ਹੁਣ ਸੀਮਾ ਸੁਰੱਖਿਆ ਬਲ (BSF) ਨੇ ਆਪਰੇਸ਼ਨ ਸਿੰਦੂਰ ਦਾ ਇੱਕ ਨਵਾਂ ਵੀਡੀਓ ਜਾਰੀ ਕੀਤਾ ਹੈ ਅਤੇ ਕਿਹਾ ਕਿ BSF ਨੇ ਪਾਕਿਸਤਾਨ ਦੀਆਂ 72 ਚੌਕੀਆਂ ਨੂੰ ਤਬਾਹ ਕਰ ਦਿੱਤਾ ਹੈ।

ਮੰਗਲਵਾਰ (27 ਮਈ, 2025) ਨੂੰ ਜਾਰੀ ਕੀਤੇ ਗਏ ਆਪ੍ਰੇਸ਼ਨ ਸਿੰਦੂਰ ਦੇ ਇੱਕ ਨਵੇਂ ਵੀਡੀਓ ਵਿੱਚ ਬੀਐਸਐਫ (BSF) ਵਲੋਂ ਪਾਕਿਸਤਾਨੀ ਖੇਤਰ ਦੇ ਅੰਦਰ ਅੱਤਵਾਦੀ ਕੈਂਪਾਂ 'ਤੇ ਕੀਤੇ ਗਏ ਸਟੀਕ ਹਮਲਿਆਂ ਨੂੰ ਦਰਸਾਇਆ ਗਿਆ ਹੈ।

ਪਾਕਿਸਤਾਨੀ ਰੇਂਜਰਾਂ ਨੂੰ ਆਪਣੀਆਂ ਜਾਨਾਂ ਬਚਾਉਣ ਲਈ ਭੱਜਦਿਆਂ ਦੇਖਿਆ ਗਿਆ ਹੈ ਅਤੇ ਅੱਤਵਾਦੀ ਟਿਕਾਣਿਆਂ ਨੂੰ ਵੀ ਤਬਾਹ ਹੁੰਦਿਆਂ ਦਿਖਾਇਆ ਗਿਆ ਹੈ। ਨਾਲ ਹੀ, ਪਾਕਿਸਤਾਨੀ ਚੌਕੀਆਂ ਨੂੰ ਤਬਾਹ ਹੁੰਦੇ ਦਿਖਾਇਆ ਗਿਆ ਹੈ।

ਮੀਡੀਆ ਨੂੰ ਸੰਬੋਧਨ ਕਰਦਿਆਂ ਹੋਇਆਂ ਬੀਐਸਐਫ ਜੰਮੂ ਫਰੰਟੀਅਰ ਦੇ ਇੰਸਪੈਕਟਰ ਜਨਰਲ ਸ਼ਸ਼ਾਂਕ ਆਨੰਦ ਨੇ ਕਿਹਾ ਕਿ ਬੀਐਸਐਫ ਨੇ ਅਖਨੂਰ, ਸਾਂਬਾ ਅਤੇ ਆਰਐਸ ਪੁਰਾ ਸੈਕਟਰਾਂ ਵਿੱਚ ਕਈ ਅੱਤਵਾਦੀ ਲਾਂਚ ਪੈਡਾਂ ਨੂੰ ਤਬਾਹ ਕਰ ਦਿੱਤਾ, ਜਿਨ੍ਹਾਂ ਵਿੱਚ ਲੋਨੀ, ਮਸਤਪੁਰ ਅਤੇ ਛੱਬਾਰਾ ਵੀ ਸ਼ਾਮਲ ਹਨ। ਉਨ੍ਹਾਂ ਕਿਹਾ, "9-10 ਮਈ ਨੂੰ, ਪਾਕਿਸਤਾਨ ਨੇ ਅਖਨੂਰ ਸੈਕਟਰ ਵਿੱਚ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਕਰਦਿਆਂ ਹੋਇਆਂ ਬੀਐਸਐਫ ਦੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ। ਜਵਾਬ ਵਿੱਚ, ਅਸੀਂ ਲਸ਼ਕਰ-ਏ-ਤੋਇਬਾ ਨਾਲ ਸਬੰਧਤ ਲੋਨੀ ਲਾਂਚ ਪੈਡ 'ਤੇ ਹਮਲਾ ਕੀਤਾ ਅਤੇ ਭਾਰੀ ਨੁਕਸਾਨ ਪਹੁੰਚਾਇਆ।"

ਉਨ੍ਹਾਂ ਕਿਹਾ, "ਅਸੀਂ ਦੁਸ਼ਮਣ ਦੀਆਂ ਕਈ ਚੌਕੀਆਂ, ਟਾਵਰਾਂ ਅਤੇ ਬੰਕਰਾਂ ਨੂੰ ਤਬਾਹ ਕਰਕੇ ਜਵਾਬ ਦਿੱਤਾ। ਲਗਭਗ 72 ਪਾਕਿਸਤਾਨੀ ਚੌਕੀਆਂ ਅਤੇ 47 ਅਗਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਗਿਆ। ਬੀਐਸਐਫ ਨੂੰ ਜਾਇਦਾਦ ਜਾਂ ਬੁਨਿਆਦੀ ਢਾਂਚੇ ਦਾ ਕੋਈ ਨੁਕਸਾਨ ਨਹੀਂ ਹੋਇਆ।"