Opposition Parties Meeting in Patna : ਪਟਨਾ ਵਿੱਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ (ਯੂਬੀਟੀ) ਦੇ ਪ੍ਰਧਾਨ ਊਧਵ ਠਾਕਰੇ ਵੀ ਸ਼ਾਮਲ ਹੋਏ। ਇਸ ਮੀਟਿੰਗ ਤੋਂ ਬਾਅਦ ਊਧਵ ਠਾਕਰੇ ਨੇ ਕਿਹਾ ਕਿ ਕਸ਼ਮੀਰ ਤੋਂ ਕੰਨਿਆਕੁਮਾਰ ਤੱਕ ਸਾਰੇ ਲੋਕ ਇੱਥੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸਾਡੀ ਵਿਚਾਰਧਾਰਾ ਵੱਖਰੀ ਹੋ ਸਕਦੀ ਹੈ ਪਰ ਦੇਸ਼ ਇੱਕ ਹੈ। ਅਸੀਂ ਇਸ ਦੇਸ਼ ਨੂੰ ਬਚਾਉਣ ਅਤੇ ਇਸ ਦੀ ਅਖੰਡਤਾ ਨੂੰ ਕਾਇਮ ਰੱਖਣ ਲਈ ਇਕੱਠੇ ਹੋਏ ਹਾਂ। ਠਾਕਰੇ ਨੇ ਕਿਹਾ ਕਿ ਲੋਕਤੰਤਰ 'ਤੇ ਹਮਲਾ ਕਰਨ ਵਾਲੇ ਦਾ ਅਸੀਂ ਵਿਰੋਧ ਕਰਾਂਗੇ। ਦੇਸ਼ ਵਿੱਚ ਜੋ ਵੀ ਤਾਨਾਸ਼ਾਹੀ ਲਿਆਉਣਾ ਚਾਹੇਗਾ , ਅਸੀਂ ਉਸ ਦਾ ਵਿਰੋਧ ਕਰਾਂਗੇ।

 

ਊਧਵ ਠਾਕਰੇ ਨੇ ਕਿਹਾ ਕਿ ਮੈਨੂੰ ਯਕੀਨ ਹੈ ਕਿ ਜਦੋਂ ਸ਼ੁਰੂਆਤ ਚੰਗੀ ਹੋਵੇਗੀ, ਅੱਗੇ ਵੀ ਚੰਗਾ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਆਪਸ ਵਿੱਚ ਮਿਲਦੇ ਰਹਾਂਗੇ। ਉਨ੍ਹਾਂ ਮਮਤਾ ਬੈਨਰਜੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਸੀਂ ਵਿਰੋਧੀ ਨਹੀਂ ਹਾਂ, ਸਗੋਂ ਦੇਸ਼ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ।


ਅਗਲੀ ਮੀਟਿੰਗ ਸ਼ਿਮਲਾ ਵਿੱਚ ਹੋਵੇਗੀ

ਵਿਰੋਧੀ ਪਾਰਟੀਆਂ ਦੀ ਅਗਲੀ ਮੀਟਿੰਗ ਸ਼ਿਮਲਾ ਵਿੱਚ ਹੋਵੇਗੀ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ 10 ਜਾਂ 12 ਜੁਲਾਈ ਨੂੰ ਸ਼ਿਮਲਾ ਵਿੱਚ ਦੁਬਾਰਾ ਮੀਟਿੰਗ ਕਰ ਰਹੇ ਹਾਂ ,ਜਿਸ ਵਿੱਚ ਅਸੀਂ ਸਾਂਝਾ ਏਜੰਡਾ ਤਿਆਰ ਕਰਾਂਗੇ। ਸਾਨੂੰ ਹਰ ਰਾਜ ਵਿੱਚ ਵੱਖਰੇ ਢੰਗ ਨਾਲ ਕੰਮ ਕਰਨਾ ਹੋਵੇਗਾ।

ਇਹ ਵਿਚਾਰਧਾਰਾ ਦੀ ਲੜਾਈ ਹੈ - ਰਾਹੁਲ ਗਾਂਧੀ

ਇਸ ਮੀਟਿੰਗ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਅਤੇ ਆਰਐਸਐਸ ਭਾਰਤ ਦੀ ਨੀਂਹ 'ਤੇ ਹਮਲਾ ਕਰ ਰਹੇ ਹਨ। ਇਹ ਵਿਚਾਰਧਾਰਾ ਦੀ ਲੜਾਈ ਹੈ ਅਤੇ ਅਸੀਂ ਇਕੱਠੇ ਖੜ੍ਹੇ ਹਾਂ। ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਮਿਲ ਕੇ ਕੰਮ ਕਰਾਂਗੇ ਅਤੇ ਆਪਣੀ ਸਾਂਝੀ ਵਿਚਾਰਧਾਰਾ ਦੀ ਰੱਖਿਆ ਕਰਾਂਗੇ। ਇਹ ਵਿਰੋਧੀ ਏਕਤਾ ਦੀ ਪ੍ਰਕਿਰਿਆ ਹੈ ਜੋ ਅੱਗੇ ਵਧੇਗੀ।

ਕੀ ਕਿਹਾ ਮਮਤਾ ਬੈਨਰਜੀ ਨੇ?

ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਨੇ ਕਿਹਾ ਕਿ ਪਟਨਾ ਵਿੱਚ ਹੋਈ ਮੀਟਿੰਗ ਚੰਗੀ ਰਹੀ। ਅਸੀਂ ਤਿੰਨ ਗੱਲਾਂ 'ਤੇ ਜ਼ੋਰ ਦਿੱਤਾ ਹੈ- ਅਸੀਂ ਇਕ ਹਾਂ, ਅਸੀਂ ਇਕੱਠੇ ਲੜਾਂਗੇ, ਅਗਲੀ ਮੀਟਿੰਗ ਸ਼ਿਮਲਾ 'ਚ ਹੋਵੇਗੀ। ਭਾਜਪਾ ਚਾਹੁੰਦੀ ਹੈ ਕਿ ਇਤਿਹਾਸ ਨੂੰ ਬਦਲਿਆ ਜਾਵੇ ਅਤੇ ਅਸੀਂ ਚਾਹੁੰਦੇ ਹਾਂ ਕਿ  ਬਿਹਾਰ ਤੋਂ ਇਤਿਹਾਸ ਬਚਾਇਆ ਜਾਵੇ।