Uttar Pradesh : ਉੱਤਰ ਪ੍ਰਦੇਸ਼ ਦੇ ਬਾਂਦਾ ਵਿੱਚ ਇੱਕ ਪ੍ਰੇਮੀ ਨੂੰ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਉਸਦੇ ਘਰ ਮਿਲਣ ਦੀ ਭਾਰੀ ਕੀਮਤ ਚੁਕਾਉਣੀ ਪਈ ਹੈ। ਪ੍ਰੇਮਿਕਾ ਦੇ ਪਰਿਵਾਰ ਵਾਲਿਆਂ ਨੇ ਨੌਜਵਾਨ ਨੂੰ ਫੜ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਇਸ ਮਾਮਲੇ 'ਚ ਪੁਲਸ ਨੇ ਔਰਤ ਦੇ ਪਤੀ ਅਤੇ ਉਸ ਦੇ ਦਿਓਰ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੋ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਐਸਪੀ ਅਭਿਨੰਦਨ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਕਈ ਥਾਣਿਆਂ ਦੀ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮੁੱਖ ਮੁਲਜ਼ਮ ਦੀ ਪਤਨੀ ਦੇ ਮ੍ਰਿਤਕ ਨਾਲ ਦੋ ਸਾਲਾਂ ਤੋਂ ਪ੍ਰੇਮ ਸਬੰਧ ਸਨ। ਦੋਵੇਂ ਗੱਲਾਂ ਕਰਦੇ ਸਨ ਅਤੇ ਉਹ ਵਿਆਹੁਤਾ ਪ੍ਰੇਮਿਕਾ ਦੇ ਕਹਿਣ 'ਤੇ ਹੀ ਉਸ ਦੇ ਘਰ ਮਿਲਣ ਆਉਂਦਾ ਸੀ। ਵੀਰਵਾਰ ਰਾਤ ਨੂੰ ਵੀ ਮ੍ਰਿਤਕ ਆਪਣੀ ਪ੍ਰੇਮਿਕਾ ਦੇ ਕਹਿਣ 'ਤੇ ਹੀ ਉਸ ਕੋਲ ਆਇਆ ਸੀ।

ਪ੍ਰੇਮੀ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ


ਜਦੋਂ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਮੀ ਦੇ ਆਉਣ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਉਸ ਨੂੰ ਕਮਰੇ 'ਚ ਬੰਦ ਕਰ ਕੇ ਬੇਰਹਿਮੀ ਨਾਲ ਕੁੱਟਿਆ। ਇਸ ਤੋਂ ਬਾਅਦ ਪੁਲੀਸ ਨੂੰ ਝੂਠੀ ਸੂਚਨਾ ਦਿੱਤੀ ਗਈ ਕਿ ਘਰ ਵਿੱਚ ਚੋਰ ਦਾਖਲ ਹੋ ਗਿਆ ਹੈ। ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ,ਜਿੱਥੇ ਉਸ ਦੀ ਮੌਤ ਹੋ ਗਈ। ਐਸਪੀ ਅਭਿਨੰਦਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਮਹਿਲਾ ਦੇ ਪਤੀ ਅਤੇ ਦਿਓਰ ਨੂੰ ਫੜ ਲਿਆ ਗਿਆ ਹੈ।

ਇਹ ਘਟਨਾ ਦੇਹਤ ਕੋਤਵਾਲੀ ਦੇ ਪਿੰਡ ਮਹੋਖਰ ਦੀ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਹ ਮਜ਼ਦੂਰੀ ਕਰ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ। ਉਸ ਨੂੰ ਝੂਠ ਬੋਲ ਕੇ ਘਰ ਬੁਲਾਇਆ ਗਿਆ। ਜਿਸ ਤੋਂ ਬਾਅਦ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ, ਸਿਰ ਮੁੰਨ ਦਿੱਤਾ ਅਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਔਰਤ ਦੇ ਪਰਿਵਾਰਕ ਮੈਂਬਰਾਂ ਨੇ ਵੀ ਪੁਲਿਸ ਨੂੰ ਚੋਰ ਫੜੇ ਜਾਣ ਦੀ ਝੂਠੀ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮ੍ਰਿਤਕ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਜਿੱਥੇ ਉਸ ਦੀ ਮੌਤ ਹੋ ਗਈ।

ਪੁਲਸ ਨੇ ਦੋ ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ

ਇਸ ਮਾਮਲੇ 'ਤੇ ਐਸਪੀ ਅਭਿਨੰਦਨ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਥਾਣਾ ਕੋਤਵਾਲੀ ਦੇਹਤ ਦੇ ਪਿੰਡ ਮਹੋਖਰ 'ਚ ਚੋਰ ਕਿਸੇ ਦੇ ਘਰ 'ਚ ਦਾਖਲ ਹੋਏ ਹਨ। ਪਰਿਵਾਰਕ ਮੈਂਬਰਾਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ, ਜਿਸ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਵੀ ਪਿੰਡ ਮਹੋਖੜ ਦਾ ਰਹਿਣ ਵਾਲਾ ਹੈ, ਉਹ ਰਾਤ ਨੂੰ ਆਪਣੀ ਵਿਆਹੁਤਾ ਪ੍ਰੇਮਿਕਾ ਨੂੰ ਉਸਦੇ ਸੱਦੇ 'ਤੇ ਮਿਲਣ ਗਿਆ ਸੀ।