Haryana News : ਹਰਿਆਣਾ ਦੇ ਗੁਰੂਗ੍ਰਾਮ 'ਚ ਛਾਤੀ 'ਚ ਚਾਕੂ ਲੱਗਣ ਤੋਂ ਬਾਅਦ ਹਸਪਤਾਲ ਲਿਆਂਦੇ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਨੌਜਵਾਨ ਨੂੰ  ਹਸਪਤਾਲ ਉਸਦੀ ਲਿਵ-ਇਨ ਪਾਰਟਨਰ ਲੈ ਕੇ ਪਹੁੰਚੀ ਸੀ। ਪੁਲਸ ਨੇ ਨੌਜਵਾਨ ਦੀ ਮੌਤ ਨੂੰ ਸ਼ੱਕੀ ਮੰਨਦੇ ਹੋਏ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਲਿਵ-ਇਨ ਪਾਰਟਨਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


 

ਦਰਅਸਲ ਵੀਰਵਾਰ ਰਾਤ ਡੀਐਲਐਫ ਫੇਜ਼ 3 ਥਾਣਾ ਖੇਤਰ ਵਿੱਚ ਰਹਿਣ ਵਾਲੇ 35 ਸਾਲਾ ਸੰਦੀਪ ਨੂੰ ਇਲਾਜ ਲਈ ਨਰਾਇਣਾ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਇੱਥੇ ਉਸ ਦੀ ਮੌਤ ਹੋ ਗਈ। ਸੂਚਨਾ ਮਿਲਣ ’ਤੇ ਡੀਐਲਐਫ ਫੇਜ਼ 3 ਥਾਣੇ ਦੀ ਪੁਲੀਸ ਹਸਪਤਾਲ ਪੁੱਜੀ।

ਸੰਦੀਪ ਦੀ ਲਿਵ-ਇਨ ਪਾਰਟਨਰ ਪੂਜਾ ਸ਼ਰਮਾ (25) ਨੇ ਪੁਲਸ ਨੂੰ ਦੱਸਿਆ ਕਿ ਤਰਬੂਜ਼ ਕੱਟਦੇ ਸਮੇਂ ਸੰਦੀਪ ਦੀ ਛਾਤੀ 'ਚ ਚਾਕੂ ਲੱਗ ਗਿਆ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਮੈਂ ਉਸ ਨੂੰ ਇਲਾਜ ਲਈ ਹਸਪਤਾਲ ਲੈ ਆਈ ਸੀ  ਪਰ ਉਸਦੀ ਮੌਤ ਹੋ ਗਈ ਹੈ।

ਸੰਦੀਪ ਅਤੇ ਪੂਜਾ 4 ਸਾਲਾਂ ਤੋਂ ਲਿਵਇਨ 'ਚ 

ਲੜਕੀ ਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਉਹ ਝਡੋਡਾ ਕਲਾ ਦਿੱਲੀ ਦੀ ਰਹਿਣ ਵਾਲੀ ਹੈ ਅਤੇ ਐਸਐਸਬੀ ਵਿੱਚ ਕਾਂਸਟੇਬਲ ਵਜੋਂ ਤਾਇਨਾਤ ਹੈ। ਪਿਛਲੇ ਚਾਰ ਸਾਲਾਂ ਤੋਂ ਉਹ ਅਤੇ ਸੰਦੀਪ ਡੀਐਲਐਫ ਫੇਜ਼ 3 ਦੇ ਐਸ ਬਲਾਕ 55/56 ਵਿੱਚ ਲਿਵ-ਇਨ ਵਿੱਚ ਰਹਿ ਰਹੇ ਸਨ। ਉਸਨੇ ਪੁਲਿਸ ਨੂੰ ਅੱਗੇ ਦੱਸਿਆ ਕਿ ਸੰਦੀਪ ਗੱਡੀਆਂ ਦੀ ਖਰੀਦੋ-ਫਰੋਖਤ ਦਾ ਕੰਮ ਕਰਦਾ ਸੀ। ਦੂਜੇ ਪਾਸੇ ਘਟਨਾ ਸਬੰਧੀ ਸੰਦੀਪ ਦੇ ਪਰਿਵਾਰ ਦਾ ਕਹਿਣਾ ਹੈ ਕਿ ਸਾਨੂੰ ਵੀਰਵਾਰ ਰਾਤ 2.30 ਵਜੇ ਸੰਦੀਪ ਦੀ ਮੌਤ ਦੀ ਸੂਚਨਾ ਮਿਲੀ ਸੀ। ਅਸੀਂ ਇੱਥੇ ਰਾਤ ਨੂੰ ਹੀ ਪਹੁੰਚ ਗਏ।

ਸੰਦੀਪ ਦੀ ਲਿਵ-ਇਨ ਪਾਰਟਨਰ ਕਾਬੂ - ਏ.ਸੀ.ਪੀ

ਘਟਨਾ ਬਾਰੇ ਏਸੀਪੀ ਡੀਐਲਐਫ ਵਿਕਾਸ ਕੌਸ਼ਿਕ ਦਾ ਕਹਿਣਾ ਹੈ ਕਿ ਅਸੀਂ ਸੰਦੀਪ ਦੀ ਲਿਵ-ਇਨ ਪਾਰਟਨਰ ਪੂਜਾ ਸ਼ਰਮਾ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਸੀਪੀ ਦਾ ਕਹਿਣਾ ਹੈ ਕਿ ਦੱਸਿਆ ਜਾ ਰਿਹਾ ਹੈ ਕਿ ਤਰਬੂਜ਼ ਕੱਟਣ ਸਮੇਂ ਚਾਕੂ ਦੀ ਵਰਤੋਂ ਕੀਤੀ ਗਈ ਸੀ। ਛਾਤੀ 'ਤੇ ਡੂੰਘਾ ਜ਼ਖ਼ਮ ਹੈ। ਸਾਨੂੰ ਪੂਜਾ ਦੀਆਂ ਗੱਲਾਂ 'ਤੇ ਸ਼ੱਕ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।