Iran-Israel War Flight Cancellation Update: ਈਰਾਨ-ਇਜ਼ਰਾਈਲ ਜੰਗ ਕਰਕੇ ਦੁਨੀਆ ਭਰ ਵਿੱਚ ਭੜਥੂ ਪਿਆ ਹੋਇਆ ਹੈ। ਇਸ ਜੰਗ ਦਾ ਸੇਕ ਭਾਰਤ ਤੱਕ ਵੀ ਪਹੁੰਚਿਆ ਹੈ। ਭਾਰਤ ਤੋਂ ਮੱਧ ਪੂਰਬ ਜਾਣ ਵਾਲੀਆਂ ਤੇ ਆਉਣ ਵਾਲੀਆਂ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਵਧਦੇ ਤਣਾਅ ਤੇ ਹਵਾਈ ਖੇਤਰ ਬੰਦ ਹੋਣ ਕਾਰਨ ਹੁਣ ਤੱਕ 60 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਦਿੱਲੀ ਹਵਾਈ ਅੱਡੇ ਤੋਂ 48 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚੋਂ 28 ਉਡਾਣਾਂ ਦਿੱਲੀ ਆਉਣੀਆਂ ਸਨ ਤੇ 20 ਦਿੱਲੀ ਤੋਂ ਰਵਾਨਾ ਹੋਣੀਆਂ ਸਨ।
ਇਸੇ ਤਰ੍ਹਾਂ ਜੈਪੁਰ ਹਵਾਈ ਅੱਡੇ ਤੋਂ 6 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਮੱਧ ਪੂਰਬ ਜਾਣ ਵਾਲੀਆਂ ਤੇ ਆਉਣ ਵਾਲੀਆਂ 3-3 ਉਡਾਣਾਂ ਸ਼ਾਮਲ ਹਨ। ਯੂਏਈ-ਕਤਰ ਹਵਾਈ ਖੇਤਰ ਬੰਦ ਹੋਣ ਕਾਰਨ ਲਖਨਊ ਹਵਾਈ ਅੱਡੇ ਤੋਂ ਅਬੂ ਧਾਬੀ ਤੇ ਸ਼ਾਰਜਾਹ ਜਾਣ ਵਾਲੀਆਂ 2 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਅਹਿਮਦਾਬਾਦ ਹਵਾਈ ਅੱਡੇ 'ਤੇ ਆਉਣ ਵਾਲੀਆਂ 5 ਉਡਾਣਾਂ ਰੱਦ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਲੰਡਨ, ਅਬੂ ਧਾਬੀ, ਦੁਬਈ, ਕੁਵੈਤ ਤੇ ਦੋਹਾ ਤੋਂ ਆਉਣ ਵਾਲੀਆਂ ਉਡਾਣਾਂ ਸ਼ਾਮਲ ਹਨ।
ਇਸ ਦੇ ਨਾਲ ਹੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਦੁਬਈ ਜਾਣ ਵਾਲੀ ਉਡਾਣ SG-55 ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਦਰਅਸਲ 23 ਜੂਨ ਦੀ ਰਾਤ ਨੂੰ, ਈਰਾਨ ਨੇ ਆਪਣੇ ਪ੍ਰਮਾਣੂ ਟਿਕਾਣਿਆਂ 'ਤੇ ਹਮਲਿਆਂ ਦਾ ਬਦਲਾ ਲੈਣ ਲਈ ਕਤਰ ਵਿੱਚ ਅਮਰੀਕੀ ਅਲ-ਉਦੀਦ ਹਵਾਈ ਫੌਜੀ ਅੱਡੇ 'ਤੇ 6 ਮਿਜ਼ਾਈਲਾਂ ਦਾਗੀਆਂ ਸੀ। ਇਸ ਤੋਂ ਬਾਅਦ ਕਤਰ, ਬਹਿਰੀਨ, ਯੂਏਈ, ਇਰਾਕ ਤੇ ਕੁਵੈਤ ਨੇ ਆਪਣੇ ਹਵਾਈ ਖੇਤਰ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ।
ਏਅਰਲਾਈਨ ਕੰਪਨੀਆਂ ਦੀ ਐਡਵਾਈਜ਼ਰੀ
ਇੰਡੀਗੋ ਨੇ ਕਿਹਾ ਹੈ ਕਿ ਜਿਵੇਂ-ਜਿਵੇਂ ਮੱਧ ਪੂਰਬ ਦੇ ਹਵਾਈ ਅੱਡੇ ਦੁਬਾਰਾ ਖੁੱਲ੍ਹ ਰਹੇ ਹਨ, ਅਸੀਂ ਉੱਥੋਂ ਦੇ ਰੂਟਾਂ 'ਤੇ ਸਾਵਧਾਨੀ ਨਾਲ ਤੇ ਹੌਲੀ-ਹੌਲੀ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਰਹੇ ਹਾਂ। ਅਸੀਂ ਪੂਰੀ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਯਾਤਰੀਆਂ ਦੀ ਸੁਰੱਖਿਆ ਲਈ ਸੁਰੱਖਿਅਤ ਰੂਟ ਚੁਣ ਰਹੇ ਹਾਂ। ਸਪਾਈਸਜੈੱਟ ਨੇ ਕਿਹਾ ਹੈ ਕਿ ਮੱਧ ਪੂਰਬ ਦੇ ਹਵਾਈ ਖੇਤਰ ਦੇ ਬੰਦ ਹੋਣ ਕਾਰਨ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸੇ ਤਰ੍ਹਾਂ ਅਕਾਸਾ ਏਅਰ ਨੇ ਕਿਹਾ ਹੈ ਕਿ ਮੌਜੂਦਾ ਸਥਿਤੀ ਕਾਰਨ, ਮੱਧ ਪੂਰਬ ਜਾਣ ਤੇ ਆਉਣ ਵਾਲੀਆਂ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਅਸੀਂ ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ। ਸਾਰੀਆਂ ਉਡਾਣਾਂ ਸਿਰਫ ਸੁਰੱਖਿਅਤ ਹਵਾਈ ਖੇਤਰ ਵਿੱਚ ਹੀ ਚਲਾਈਆਂ ਜਾਣਗੀਆਂ।
ਉਧਰ, ਇਜ਼ਰਾਈਲ ਤੋਂ 160 ਭਾਰਤੀਆਂ ਨੂੰ ਲੈ ਕੇ ਐਤਵਾਰ ਨੂੰ ਜਾਰਡਨ ਪਹੁੰਚਣ ਵਾਲਾ ਜਹਾਜ਼ ਨਵੀਂ ਦਿੱਲੀ ਵਾਪਸ ਆਉਂਦੇ ਸਮੇਂ ਕੁਵੈਤ ਭੇਜ ਦਿੱਤਾ ਗਿਆ ਸੀ, ਕਿਉਂਕਿ ਈਰਾਨ ਦੇ ਅਮਰੀਕੀ ਟਿਕਾਣਿਆਂ 'ਤੇ ਹਮਲਿਆਂ ਕਾਰਨ ਬਹੁਤ ਸਾਰੇ ਹਵਾਈ ਖੇਤਰ ਬੰਦ ਹਨ। ਫਲਾਈਟ ਨੰਬਰ J91254, ਜੋ ਸੋਮਵਾਰ ਦੁਪਹਿਰ ਲਗਪਗ 2:30 ਵਜੇ ਓਮਾਨ ਤੋਂ ਕੁਵੈਤ ਤੇ ਫਿਰ ਦਿੱਲੀ ਲਈ ਉਡਾਣ ਭਰੀ ਸੀ, ਨੂੰ 22 ਜੂਨ ਨੂੰ ਈਰਾਨੀ ਹਮਲਿਆਂ ਤੋਂ ਬਾਅਦ ਵਿਚਕਾਰੋਂ ਮੋੜ ਕੇ ਕੁਵੈਤ ਵਾਪਸ ਜਾਣਾ ਪਿਆ।
ਏਅਰ ਇੰਡੀਆ ਦੀਆਂ ਮੱਧ ਪੂਰਬ ਲਈ ਸਾਰੀਆਂ ਉਡਾਣਾਂ ਮੁਅੱਤਲ
ਕਤਰ ਵਿੱਚ ਅਮਰੀਕੀ ਫੌਜੀ ਅੱਡੇ 'ਤੇ ਈਰਾਨੀ ਹਮਲੇ ਤੋਂ ਬਾਅਦ ਏਅਰ ਇੰਡੀਆ ਨੇ ਮੱਧ ਪੂਰਬ ਲਈ ਆਪਣੀਆਂ ਸਾਰੀਆਂ ਉਡਾਣਾਂ ਤੁਰੰਤ ਮੁਅੱਤਲ ਕਰ ਦਿੱਤੀਆਂ ਹਨ। ਏਅਰਲਾਈਨ ਨੇ ਕਿਹਾ ਕਿ ਉਸ ਕੋਲ ਕਤਰ ਲਈ ਕੋਈ ਹੋਰ ਉਡਾਣਾਂ ਨਹੀਂ ਹਨ ਤੇ ਕਤਰ ਵਿੱਚ ਕੋਈ ਜਹਾਜ਼ ਨਹੀਂ ਹੈ। ਏਅਰ ਇੰਡੀਆ ਐਕਸਪ੍ਰੈਸ ਦੀਆਂ ਕਤਰ ਦੀ ਰਾਜਧਾਨੀ ਦੋਹਾ ਲਈ 25 ਹਫ਼ਤਾਵਾਰੀ ਉਡਾਣਾਂ ਹਨ। ਇਸ ਦੀਆਂ ਕੰਨੂਰ, ਕੋਚੀ, ਕੋਝੀਕੋਡ, ਮੰਗਲੁਰੂ, ਤਿਰੂਵਨੰਤਪੁਰਮ ਅਤੇ ਤਿਰੂਚਿਰਾਪੱਲੀ ਤੋਂ ਦੋਹਾ ਲਈ ਸਿੱਧੀਆਂ ਸੇਵਾਵਾਂ ਹਨ। ਇਸ ਤੋਂ ਇਲਾਵਾ ਏਅਰਲਾਈਨ ਕੋਲ ਦੋਹਾ ਤੋਂ 8 ਇੱਕ-ਸਟਾਪ ਸਥਾਨ ਹਨ - ਬੰਗਲੁਰੂ, ਭੁਵਨੇਸ਼ਵਰ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਮੁੰਬਈ ਤੇ ਪੁਣੇ।